ਕੋਈ ਸਿਰ ਨੂੰ ਸੂਲ਼ੀ ਚੜ੍ਹਾ ਕੇ ਤੇ ਦੇਖੇ

ਕੋਈ ਸਿਰ ਨੂੰ ਸੂਲ਼ੀ ਚੜ੍ਹਾ ਕੇ ਤੇ ਦੇਖੇ
ਉਨ੍ਹਾਂ ਨਾਲ਼ ਨਜ਼ਰਾਂ ਮਿਲਾਕੇ ਤੇ ਦੇਖੇ

ਵਫ਼ਾ ਦੀ ਤੇ ਹਰ ਲੋੜ ਨੂੰ ਪੂਰਾ ਕਰਦਾ
ਮਰੇ ਦਿਲ ਨੂੰ ਉਹ ਆਜ਼ਮਾ ਕੇ ਤੇ ਦੇਖੇ

ਬੜੇ ਮਿੱਠੇ ਦਰਦਾਂ ਦੀ ਸੌਗ਼ਾਤ ਮਿਲਦੀ
ਕੋਈ ਯਾਰ ਦੇ ਦਰ ਤੇ ਜਾ ਕੇ ਤੇ ਦੇਖੇ

ਅਖ਼ੀਰ ਉਹ ਵੀ ਧਰਤੀ ਦੀ ਛਾਤੀ 'ਤੇ ਡਿੱਗੇ
ਖ਼ਿਆਲਾਂ ਦੇ ਪੰਛੀ ਉਡਾ ਕੇ ਤੇ ਦੇਖੇ

ਮਰਾ ਪੱਲਾ ਖ਼ਾਲੀ ਦਾ ਖ਼ਾਲੀ ਰਿਹਾ ਏ
ਤੁਰੇ ਨਾਂ ਤੇ ਸਿੱਕੇ ਚਲਾ ਕੇ ਤੇ ਦੇਖੇ

ਕਿਸੇ ਮੈਨੂੰ ਇੱਜ਼ਤ ਦੀ ਨਜ਼ਰੇ ਨਾ ਡਿੱਠਾ
ਮੈਂ ਗ਼ੈਰਾਂ ਦੇ ਗ਼ਮ ਦਿਲ ਨੂੰ ਲਾਕੇ ਤੇ ਦੇਖੇ

ਉਹ ਆਪਣੀ ਪਨਾਹ ਢੂੰਡ ਲੈਂਦਾ ਏ 'ਅਖ਼ਤਰ'
ਜੋ ਮਨ ਆਪਣੇ ਵਿਚ ਝਾਤੀ ਪਾ ਕੇ ਤੇ ਦੇਖੇ