ਥਲ ਪੁੰਗਰੇ ਗੁਲਜ਼ਾਰਾਂ ਵਿਚ

ਥਲ ਪੁੰਗਰੇ ਗੁਲਜ਼ਾਰਾਂ ਵਿਚ
ਝੂਠ ਛਪੇ ਅਖ਼ਬਾਰਾਂ ਵਿਚ

ਅਣਖ ਦਾ ਸੌਦਾ ਹੁੰਦਾ ਏ,
ਵੇਲੇ ਦੇ ਦਰਬਾਰਾਂ ਵਿਚ

ਮੇਰੀ ਵੰਝਲੀ ਲੈ ਗਏ ਉਹ,
ਬੇਲਿਓਂ ਦੂਰ ਬਾਜ਼ਾਰਾਂ ਵਿਚ

ਪੱਤ-ਝੜ ਦਾ ਧੜਕਾ ਵੀ ਸੀ,
ਅੱਤ ਮੂੰਹੋਂ ਜ਼ੋਰ ਬਹਾਰਾਂ ਵਿਚ

ਆਪਣੇ ਦੁੱਖ ਦਾ ਦਾਰੂ ਲੱਭ,
ਦਰਦ ਨਾ ਲੱਭ ਗ਼ਮਖ਼ਾਰਾਂ ਵਿਚ

ਇਕ ਇਕਰਾਰ ਦਾ ਅੰਗ ਵੀ ਸੀ,
ਸੱਜਣਾਂ ਦੇ ਇਨਕਾਰਾਂ ਵਿਚ

ਲਹੂ ਹੁੰਦੇ ਫ਼ਨਕਾਰਾਂ ਦਾ,
ਉਨ੍ਹਾਂ ਦੇ ਸ਼ਾਹਕਾਰਾਂ ਵਿਚ