ਮੈਂ ਜਿਸ ਲੋਕ ਭਲਾਈ ਖ਼ਾਤਿਰ ਅਪਣਾ ਆਪ ਉਜਾੜ ਲਿਆ

ਮੈਂ ਜਿਸ ਲੋਕ ਭਲਾਈ ਖ਼ਾਤਿਰ ਅਪਣਾ ਆਪ ਉਜਾੜ ਲਿਆ
ਇਸ ਜੱਗ ਦੇ ਲੋਕਾਂ ਨੇ ਮੈਨੂੰ ਨੇਜ਼ੇ ਅਤੇ ਚਾੜ੍ਹ ਲਿਆ

ਜਿਹੜਾ ਦੀਵਾ ਬਾਲ ਕੇ ਆਪਣੇ ਵਿਹੜੇ ਨੂੰ ਰੁਸ਼ਨਾਇਆ ਸੀ,
ਉਹਦੀ ਲਾਟ ਦੇ ਕਾਰਨ ਮੈਂ ਹੀ ਆਪਣੇ ਘਰ ਨੂੰ ਸਾੜ ਲਿਆ

ਮੈਂ ਉਹ ਰੁੱਖ ਹਾਂ ਜਿਸਦੀ ਛਾਵੇਂ, ਜਿਹੜਾ ਬੈਠਾ ਉਸੇ ਨੇ,
ਟੁਰਦੇ ਵੇਲੇ ਪੱਥਰ ਮਾਰ ਕੇ, ਮੇਰਾ ਹੀ ਫੁੱਲ ਝਾੜ ਲਿਆ

ਮੈਂ ਤਾਂ ਧਰਤੀ ਦੇ ਚਿਹਰੇ ਦੀ, ਕਾਲਖ਼ ਧੋਵਨਿ ਆਇਆ ਸਾਂ,
ਉਹਦਾ ਮੁੱਖ ਸੰਵਾਰ ਨਾ ਸਕਿਆ, ਅਪਣਾ ਆਪ ਵਿਗਾੜ ਲਿਆ

ਜਦ ਵੀ ਟੀਸਾਂ ਘਟਣ ਤੇ ਆਈਆਂ, ਦੁੱਖ ਦੇ ਲੋਭੀ ਹਿਰਦੇ ਨੇ,
ਜ਼ਖ਼ਮਾਂ ਅਤੇ ਲੋਨ ਛਿੜਕ ਕੇ, ਅਪਣਾ ਦਰਦ ਉਖਾੜ ਲਿਆ

ਚਿੱਤਰ ਰੱਤ ਨੂੰ ਜੀ ਆਇਆਂ ਨੂੰ, ਆਖਣ ਪਾਰੋਂ ਆਰਿਫ਼ ਮੈਂ,
ਆਪਣੀ ਰੱਤ ਦੀ ਹੋਲੀ ਖ਼ੀਲੀ, ਅਪਣਾ ਅਕਸ ਵਿਗਾੜ ਲਿਆ