ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ

ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ
ਦੇਖਿਆ ਚੱਕਰ ਲਾ ਲਾ ਸਾਰੀਆਂ ਥਾਵਾਂ ਦਾ

ਕਰ ਲਉ ਜੋ ਕੁਝ ਕਰਨਾ ਹੈ, ਹੁਣ ਵੇਲਾ ਜੇ,
ਕੁਝ ਵਿਸਾਹ ਨਹੀਂ ਆਉਂਦੇ-ਜਾਂਦੇ ਸਾਹਵਾਂ ਦਾ

ਅਪਣੇ ਹੱਥੀਂ ਪਾਣੀ ਦਿਉ ਦਰਖਤਾਂ ਨੂੰ,
ਮਜ਼ਾ ਜੇ ਲੈਣਾ ਹੋਵੇ ਠੰਢੀਆਂ-ਛਾਵਾਂ ਦਾ

ਸਿੱਧੀ ਰਾਹੇ ਤੁਰਦੇ ਜਾਉ ਮੰਜ਼ਿਲ ਲਈ,
ਰਾਹੀ ਕਦੇ ਨਹੀਂ ਭੁੱਲਦਾ ਸਿੱਧੀਆਂ-ਰਾਹਵਾਂ ਦਾ

ਝੁੰਮਰ ਪਾਵਣ ਖ਼ੁਸ਼ੀਆਂ ਮੇਰੇ ਦੇਸ਼ ਦੀਆਂ,
ਸ਼ਾਲਾ ! ਆਵੇ ਦਿਨ ਉਹ ਸਾਡਿਆਂ ਚਾਵਾਂ ਦਾ

ਭੈੜੀ ਫ਼ਿਤਰਤ ਲੋਕ ਨਾ ਆਉਂਦੇ ਬਾਜ਼ 'ਰਹੀਲ',
ਰੰਗ ਕਦੀ ਨ੍ਹੀਂ ਚਿੱਟਾ ਹੁੰਦਾ ਕਾਵਾਂ ਦਾ