ਤੱਤੀ ਜਾ ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ

ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ
ਅਪਣੇ ਦਿਲ ਦੇ ਭਾਂਬੜ ਅੰਦਰ ਬਲਦੇ ਰਹਿੰਦੇ ਆਂ

ਮਾਲੀ ਕੋਈ ਨe੍ਹੀਂ ਬਾਗ਼ ਦਾ ਇੱਥੇ, ਅਸੀਂ ਲੁਟੇਰੇ ਆਂ
ਅਪਣਾ ਅਪਣਾ ਹਿੱਸਾ ਲੈ ਕੇ ਟਲਦੇ ਰਹਿੰਦੇ ਆਂ

ਚੋਰਾਂ ਦੇ ਸੰਗ ਚੋਰੀ ਕਰਕੇ ਤੇ ਫਿਰ ਲੁਕਣ ਲਈ
ਚੁੱਪ-ਚੁੱਪੀਤੇ ਸਾਧਾਂ ਦੇ ਸੰਗ ਰਲਦੇ ਰਹਿੰਦੇ ਆਂ

ਉੱਚੇ-ਮਹਿਲੀਂ ਵੱਸਣ ਵਾਲੇ ਵੀ ਖ਼ੁਸ਼ ਨਹੀਂ ਰਹਿੰਦੇ
ਅਸੀਂ ਨਿਮਾਣੇ ਰੂੜੀਆਂ 'ਤੇ ਵੀ ਪਲਦੇ ਰਹਿੰਦੇ ਆਂ

ਯਾਰ-ਸੱਜਣ ਦਾ ਕੋਈ ਸੁੱਖ-ਸੁਨੇਹਾ ਆਉਂਦਾ ਨਹੀਂ
ਆਪਣੇ ਦਿਲ ਦੀ ਹਾਲਤ ਲਿਖ-ਲਿਖ ਘੱਲਦੇ ਰਹਿੰਦੇ ਆਂ

ਚੜ੍ਹ ਅਸਮਾਨੀਂ ਭੁੱਲ ਜਾਨੇ ਆਂ ਅਪਣਾ ਆਪ 'ਰਹੀਲ'
ਸ਼ਾਮ ਦੇ ਸੂਰਜ ਵਾਂਗੂੰ ਲੇਕਿਨ ਢਲਦੇ ਰਹਿੰਦੇ ਆਂ