ਮਿੱਠੇ ਬੋਲ

॥ਮੁਕੰਦ ਛੰਦ॥

ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।
ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।
ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।
ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।
ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।
ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।
ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਏਸ਼ੀਆ 'ਚ ਏਹੋ ਜ੍ਹੀ ਜ਼ਬਾਨ ਮਿੱਠੀ ਨਾ ।
ਯੂਰਪ, 'ਫ਼ਰੀਕਾ, ਅਮਰੀਕਾ ਡਿੱਠੀ ਨਾ ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਆ ਜੋ ਗੁਰਮੁਖੀ ਕਿਸੇ ਨੇ ਜੇ ਸਿੱਖਣੀ ।
ਪੜ੍ਹਨੀ ਅਸਾਨ ਤੇ ਸੁਖ਼ਾਲੀ ਲਿੱਖਣੀ ।
ਅੱਖਰ ਜਿਉਂ ਫਾਗ ਜ੍ਹਿ ਜਲੇਬੀ ਪੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਬਾਬੇ ਗੁਰੂ ਨਾਨਕ ਗਰੰਥ ਰਚੇ ਜੀ ।
ਸ਼ੌਕ ਨਾਲ ਲੱਗਦੇ ਪੜ੍ਹਨ ਬੱਚੇ ਜੀ ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਫੜ ਜਮ ਅੱਗੇ ਲੌਣਗੇ ਡਰਾਵਣੇ ।
ਪੈਜੂ ਰੱਬ ਸੱਚੇ ਦੇ ਖੜੋਣਾਂ ਸਾਹਮਣੇ ।
ਸੁਣਿਐਂ 'ਸੱਚ ਖੰਡ' 'ਚ ਅਮਲ ਤੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

'ਬਾਬੂ' ਦੇ ਜਮਾਤੀ ਅੰਮ੍ਰਿਤ ਪੀਣਿਉਂ ।
ਘੋਲੀਉਂ ਬਿੱਕਰ, ਗੋਕਲ ਸਲ੍ਹੀਣਿਉਂ ।
ਬੱਗਾ ਸਿਉਂ ਤੇ ਸੰਤੋਖ ਸਿਉਂ 'ਡਰੋਲੀ' ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।