ਦੋਹਿਰਾ॥ ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ । ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ । ॥ਮਨੋਹਰ ਭਵਾਨੀ ਛੰਦ॥ ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ, ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ । ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ । ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ, ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ, ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ । ਪਾਣੀ ਵਿਚ ਤਰਦੇ ਫਿਰਨ ਬੰਗਲੇ । ਉੱਚੇ ਇੰਡੀਆ ਦੇ ਸ਼ਾਨ, ਸਾਰੇ ਹਰੇ ਭਰੇ ਵਾਹਣ, ਕਿਤੇ ਚੌੜੇ ਨਾ ਮੈਦਾਨ, ਜ੍ਹਿ ਗੰਗਾ ਤੇ ਸਿੰਧ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਕਦੇ ਲੋਹੇ ਕੱਢ ਲਿਆਉਣੇ, ਢੇਰ ਚਾਂਦੀ ਦੇ ਨਾ ਮਿਉਣੇ, ਬੜੀ ਭਾਰੀ ਖਾਣ ਸਿਉਨੇ ਦੀ ਮਸੂਰ ਵਿੱਚ ਹੈ । ਤੋਪ ਬਣੇ ਉਡਣ-ਖਟੋਲੇ ਟਿੱਚ ਹੈ । ਲਿਆ ਕੇ ਕੋਹੇ-ਨੂਰ ਘਰ, ਜੜਿਆ ਹੀਰਾ ਤਾਜ ਪਰ, ਚਮਕਾਰੇ ਮਾਰੇ ਦਰ, ਜੋਧਨ, ਨਰਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਪੁੱਤ ਸਿਆਣੇ ਨਾ ਲੱਟਰ, ਦਹੀਂ ਭੱਲੇ ਖਾ ਖਟਰ, ਆਲੂ, ਮਟਰ, ਟਮਾਟਰ, ਤੇ ਫੁੱਲ ਗੋਭੀਆਂ । ਮਿਸ਼ਰੀ ਪਾ ਮਖਣੀ ਚਟਾਉਣ ਬੋਬੀਆਂ । ਹੇਠ ਨੁਆਰ ਦੇ ਪਲੰਘ, ਦੁੱਧ ਪੁੱਤ ਲੱਗੇ ਰੰਗ, ਵੱਧ ਨਚਦੇ ਤੁਰੰਗ ਆਪਣੀ ਪਸਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਗਿਆ ਛਿੜਕ ਜਲ ਮਹਿਰਾ, ਛਾਵੇਂ ਕੱਟਦੇ ਦੁਪਹਿਰਾ, ਏਸ ਜਾਅ ਸੁੱਖਾਂ ਦਾ ਪਹਿਰਾ, ਦੁੱਖ ਖੜੇ ਪਾਸ ਨਾ । ਆਉਂਦੀ ਫੁੱਲਵਾੜੀਉਂ ਫੁੱਲਾਂ ਦੀ ਵਾਸ਼ਨਾ । ਧੰਨ ਇਹਨਾਂ ਦੇ ਜਰਮ ! ਹੋਵੇ ਦੁਵਾਰਿਆਂ ਤੇ ਧਰਮ, ਜਾਣਿਆਂ ਅਣਖ ਸ਼ਰਮ, ਨੂੰ ਪਿਆਰਾ ਜਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਕੱਠੇ ਪਤੀ ਜੇਠ ਦਿਉਰ, ਪਾਉਣ ਰੇਸ਼ਮਾਂ ਦੇ ਤਿਉਰ, ਮਿਉਣ ਡੱਬਿਆਂ ਨ ਜ਼ਿਉਰ, ਭੈਣ ਭਰਜਾਈਆਂ ਦੇ । ਡੂੰਮਾਂ ਨੂੰ ਘੜੀਕ, ਮੱਝਾਂ ਮਿਲਣ ਨਾਈਆਂ ਦੇ । ਸੋਹਣੀ ਫ਼ਸਲ ਖੜੋਤੀ, ਟੁੱਕੇ ਸਿਉ ਤੇ ਅੰਬ ਤੋਤੀ, ਚੁਗੇ ਮੁਕਦੇ ਨਾ ਮੋਤੀ, ਹੰਸ ਪ੍ਰਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਭਾਰੇ ਕਣਕਾਂ ਦੇ ਬੋਹਲ, ਤੇ ਕਪਾਹ ਨੂੰ ਲੱਗੇ ਤੋਲ, ਖੰਡ ਬਣੇ ਰਸ ਡੋਲ੍ਹ, ਲੋਹੇ ਦੇ ਕੜਾਹਿਆਂ 'ਚੈ । ਤਿੰਨ ਮੇਲ, ਲੋਕਾਂ ਨੂੰ ਛਕਾਉਂਦੇ ਸਾਹਿਆਂ 'ਚੈ । ਪਹਿਲਾਂ ਰਾਕਸ਼ਾਂ ਨੇ ਲੁੱਟੇ, ਫੇਰ ਮੁਗ਼ਲਾਂ ਨੇ ਕੁੱਟੇ, ਅਬ ਮਸਾਂ ਖਹਿੜੇ ਛੁੱਟੇ, ਅੰਗਰੇਜ਼ ਰਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ । ਰਾਮ ਕ੍ਰਿਸ਼ਨ ਔਤਾਰ, ਲਾਹ ਗਏ ਪਾਪੀਆਂ ਦੇ ਭਾਰ, ਦਾਸ ਦੀ ਨਮਸਕਾਰ, ਉਹਨਾਂ ਦੀ ਜਨਾਬ ਨੂੰ । ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ । 'ਬਾਬੂ' ਲੈਣ ਮੌਜ ਮੌਜੀ, ਪੀ ਕੇ ਅੰਮ੍ਰਿਤ ਸੌ ਜੀ, ਬਣੀਂ ਸਿੱਖ ਕੌਮ ਫ਼ੌਜੀ, ਸ੍ਰੀ ਗੁਰੂ ਗੋਬਿੰਦ ਤੋਂ । ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।