ਵਤਨ ਦਿਆਂ ਤਾਂਘਾਂ

ਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।
ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।
ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਢੈ ਗੇ ਕਿੰਗਰੇ ਦਿਲਾਂ ਦੇ ਜੀ, ਮੇਰੀਆਂ ਰਹਿਣ ਦਲੀਲਾਂ ਡਿੱਗੀਆਂ ।
ਮੈਂ ਵਾਂਗ ਸ਼ੁਦਾਈਆਂ ਜੀ, ਨੀਵੀਂ ਪਾ ਬਹਿ ਜਾਂ ਢਾਲ ਕੇ ਰਿੱਗੀਆਂ ।
ਰੱਤ ਸਿੰਮਦੀ ਅੱਖੀਆਂ 'ਚੋਂ, ਜਿਗਰ ਪਰ ਮਾਰੇ ਵਿਛੋੜਾ ਸਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਹੇਠੋਂ ਧਰਤੀ ਨਿਕਲ ਜੂ ਗੀ, ਕਰਾਂ ਵਰਣਨ ਜੋ ਸਿਰਾਂ ਪਰ ਵਰਤੀ ।
ਕਿਸੇ ਵੇਲੇ ਭੁੱਲਦੇ ਨਾ, ਅੰਮਾਂ ਦੇ ਕੋਠੇ, ਬਾਪ ਦੀ ਧਰਤੀ ।
ਯਾਰਾਂ ਨਾਲ ਨੀਤਣੀ ਸੀ, ਕਿਤੋਂ ਨਾ ਸੁਨਣ ਸ਼ੌਕ ਦੀਆਂ ਬਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵੇਖੇ ਕਿਲੇ ਰਿਆਸਤ ਦੇ, ਰਾਜੇ ਦੇ ਮੰਦਰ, ਵੜੇ ਨਾ ਅੰਦਰ ।
ਕਪਤਾਨ ਟੀਮ ਦਾ ਸਾਂ, ਖੇਲਣੇ ਗਏ ਕ੍ਰਿਕਟ ਜਲੰਧਰ ।
ਕਦੇ ਮੈਂ ਤੇ ਅਰਜਣ ਨੇ, ਮਾਰੀਆਂ ਸੇਖੇ ਝਿੜੀ ਛਲਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਪੌਂਦੇ ਘੁੰਮਰਾਂ ਲਹਿੰਗੇ ਸੀ, ਕੁੜਤੀਆਂ ਮੜ੍ਹੀਆਂ ਨਾਲ ਕਤੂਨਾਂ ।
ਬਹਿਕੇ ਸੱਥ 'ਚ ਵੇਖਦੇ ਸੀ, ਪਾਣੀ ਜਾਣ ਭਰਨ ਭਾਬੀਆਂ ਮੂੰਨਾਂ ।
ਵੇਲਾ ਚੇਤੇ ਆ ਜੇ ਜੀ, ਸੁੱਤਾ ਪਿਆ ਉੱਠ ਪਾਂ ਮਾਰ ਕੇ ਚਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵਿਛੇ ਪਲੰਘ ਨਿਵਾਰੀ ਜੀ, ਫੁੱਲਾਂ ਦੀ ਮਹਿਕ ਬਾਗ਼ ਵਿਚ ਟਹਿਲਾਂ ।
ਬੱਕੀ ਮਿਰਜ਼ੇ ਖ਼ਾਨ ਦੀ ਜੀ, ਪਾਂਮਦੀ ਜਾਂਦੀ ਨਹਿਰ ਪਰ ਪੈਲਾਂ ।
ਨਾਲ ਰਲ ਜੇ ਪੌਣ ਦੇ ਜੀ, ਸ਼ੀਸ਼ਮੋਂ ਤੋੜ ਛਮਕ ਨੂੰ ਛਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਜਲ ਚਾਂਦੀ ਵਰਗਾ ਜੀ, ਪਟੜੀਉਂ ਉੱਤਰ ਬਰਮ ਪਰ ਬਹਿਣਾ ।
ਰਾਮਪੁਰੇ, ਦੌਧਰੋਂ, ਜੀ, ਕੈਰੇ, ਜਗਰਾਵੀਂ, ਮੌੜ ਤੇ ਸਹਿਣਾ ।
ਗਏ ਮਹਾਂ-ਵੱਧਰੋਂ ਜੀ, ਸੂਏ ਦੀ ਬੰਨ੍ਹਣੀ ਟੋਟ ਅੜਾਂਘਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਠੇਕੇਦਾਰ ਅਨੇਕਾਂ ਨੇ, ਮੇਰੇ ਪਾਸ ਕਰਕੇ ਕਾਮ ਸੁਖ ਭੋਗੇ ।
ਜੱਟ ਦਿਲੋਂ ਭੁਲਾਉਂਦੇ ਨਾ, ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਘੇ ।
ਪੈਦਾਵਾਰ ਵਧਾਤੀ ਸੀ, ਬੋਹਲ ਤੇ ਬੋਹਲ ਲਾਤੀਆਂ ਧਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਮੈਨੂੰ ਰੱਖਲੌ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ ।
'ਬਾਬੂ' ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ ।
ਲਾਸ਼ ਦੱਬ ਦਿਉ ਗਾਮ ਮੇਂ ਜੀ, ਸੱਚੇ ਕੌਲ ਭੌਰ ਪਹੁੰਚ ਜੂ 'ਗ੍ਹਾਂ-ਗ੍ਹਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।