ਹੀਰ

ਸਫ਼ਾ 85

841
ਸਹਿਤੀ ਮੰਜੀ ਬੂਹੇ ਅਤੇ ਗੁੱਥੀ ਆਨ ਤਥਾਈਂ
ਸੰਨ ਕਰ ਚੁੱਪ ਕਰੇਂਦੀ ਸਹਿਤੀ , ਮੂਲ ਬੋਲੀਂਦੀ ਨਾਹੀਂ
ਹੋਇਆ ਹੋਲ ਮਾਂ ਪਿਓ ਨੂੰ ਬਾਹਰ , ਖੋਦੀ ਨਾਗ ਮਤਾ ਹੈਂ
ਆਖ ਦਮੋਦਰ ਬੂਹਾ ਭੰਨਣ , ਅੱਗੋਂ ਬੋਲੀਂਦੀ ਨਾਹੀਂ

842
ਚਾੜ੍ਹ ਦਿੱਤੂ ਨੇਂ ਅਤੇ , ਜਾਂ ਉਸ ਝਾਤੀ ਪਾਈ
ਸੁੱਤੀ ਬੂਹੇ ਉਤੇ ਸਹਿਤੀ , ਤਲਈਯਂ ਮੰਡ ਜਗਾਈ
ਅੰਦਰ ਬਾਹਰ ਥੀਆ ਕਕਾਰਾ, ਕੁੰਡੀ ਅੱਗੋਂ ਲਾਹੀ
ਆਖ ਦਮੋਦਰ ਬੂਹਾ ਲੱਥਾ , ਤਾਂ ਸਭਾ ਅੰਦਰ ਆਈ

843
ਪਿੱਛੇ ਮਾਊਂ , ਬਾਪ ਭਰਜਾਈ ,"ਅਸੀਂ ਹੀਰ ਨਹੂਆਉਣ ਆਏ
ਅੱਗੇ ਲੱਗ , ਜਲਾ ਹਾਂ ਅਸੀਂ , ਪਿੰਡੇ ਪਾਣੀ ਪਾਏ
ਸਭਾ ਆ ਖਲੋਤੀ ਬਾਹਰ , ਵੇਖਣ ਨੂੰ ਸਧਰਾਏ"
ਆਖ ਦਮੋਦਰ ਸਹਿਤੀ ਤਾਈਂ , ਮਾਂ ਪਿਓ ਆਖ ਸੁਣਾਏ

844
"ਬਾਬਾ ! ਜੇ ਅੱਜ ਮੈਂ ਪੇ ਸੁੱਤੀ, ਮੈਂ ਕਣ ਮਸਤੀ ਆਈ
ਅੰਦਰ ਬਾਹਰ ਸੱਪਾਂ ਭਰਿਆ, ਜ਼ਹਿਰ ਅਸਾਂ ਲੱਗ ਧਾਈ
ਤੀਆ ਦਿਉਂ ਸੁੱਤੀ ਕਰ ਮਸਤੀ , ਮੈਨੂੰ ਆਲਸ ਆਈ
ਆਖ ਦਮੋਦਰ ਬਾਹਰ ਸੁੱਤੀ, ਮੈਨੂੰ ਹੀਰ ਦੀ ਖ਼ਬਰ ਨਾ ਕਾਈ"

845
ਅੰਦਰ ਆ ਵੜਿਆ ਕੱਲ੍ਹ ਆਲਮ , ਬਹੁਤ ਵੈਰਾਗੇ ਆਹੇ
ਅੱਗੇ ਵੇਖਣ ਤਾਂ ਕੁੱਝ ਨਾਹੀਂ , ਪਾੜ ਦੀਵਾਰ ਗਿਆ ਹੈ
ਗੁੱਥੀ ਕੂਕ , ਸਨ ਜਾ ਡਿੱਠੀ , ਸਭਾ ਕੂਕ ਸੁਣਾਏ
ਆਖ ਦਮੋਦਰ ਸਭਨਾਂ ਜਾਤਾ, ਜੋਗੀ , ਚਾਕ ਭੀ ਆਹੇ

846
ਤਾਂ ਸਾਉ ਟੁਰ ਗਏ ਤਵਾ ਹੈਂ , ਬਿਨਾਂ ਚਾਕ ਕੋਈ ਨਾਹੀਂ
ਕੱਲ੍ਹ ਫ਼ਰੇਬ ਡਠੋਸੇ ਸਭੁ , ਥੀਏ ਤਿਆਰ ਤਦਾਹੀਂ
ਪਹੁੰਚੋ ਭਾਈ , ਨਾ ਕਰੋ ਤਾਮਿਲ , ਕਿਤੇ ਪਤਨ ਟਾਂਗ ਲੱਗਾ ਹੈਂ
ਆਖ ਦਮੋਦਰ ਆਏ ਸਭੇ , ਸਹਿਤੀ ਪੁੱਛਣ ਤਾਈਂ

847
"ਸੰਨ ਨੀ ਸਹਿਤੀ , ਤੁਧ ਕਦਾਈਂ , ਵੈਂਦੇ ਨਜ਼ਰੀ ਆਏ?
ਕਿਹੜੇ ਵੱਲ ਕਿਰਿਆਆਂ ਫੇਰਾ, ਕੋਈ ਅਸਾਂ ਸੁਣਾਏ
ਆਖ ਸੁਣਾ , ਨਾ ਬਣੇ ਤਾਮਿਲ , ਅਸਾਂ ਘੋੜੇ ਜ਼ੀਨ ਕਰਾਏ"
ਪਿੱਛੇ ਮਾਂ ਪਿਓ ਸਹਿਤੀ ਤਾਈਂ , ਉਭੇ ਹੱਥ ਬਜਾਏ

848
ਕਿੱਲੇ , ਕਾਲੇ , ਨੁੱਕਰੇ , ਨੀਲੇ , ਅਬਲਕ ,ਬਾਜ਼ ਪੀੜਾਏ
ਥੀ ਤਿਆਰ ਜਿਲੇ ਉਠ ਸਭੇ , ਜੋਗੀ ਮਾਰਨ ਨੂੰ ਸਧਰਾਏ
ਖਾਵਣ ਰੁੱਤ ਖ਼ੂਨ ਦਾ ਜਿਗਰਾ , ਪੀਵਣ ਰੁੱਤ ਤ੍ਰਿਹਾਏ
ਆਖ ਦਮੋਦਰ ਖੋਜ ਢੋਨਡੀਨਦੇ , ਪਾਂਡੀ ਅੱਗੋਂ ਆਏ

849
"ਹਿੱਕ ਜਵਾਨ ਕੁੜੀ ਭੀ ਨਾਲੇ , ਭਾਈ ! ਤੁਸੀਂ ਭੀ ਨਜ਼ਰੀ ਆਈ?
ਖੜੇ ਪੁੱਛਣ ਉਨ੍ਹਾਂ ਤਾਈਂ ,"ਸੱਚ ਦੱਸਿਆ ਹੈ ਭਾਈ"
"ਅਸਾਂ ਨਾ ਡਿਠੇ ਰਾਹ ਤੇ ਵੈਂਦੇ ", ਸਭਨਾਂ ਨਿਸ਼ਾਨ ਥਿਆਈ
ਆਖ ਦਮੋਦਰ ਘੋੜੇ ਫਿਰਨ , ਫੇਰ ਪਿਛਾਂਹਾਂ ਭਾਈ

850
ਘੋੜੇ ਫੇਰੇ , ਫਿਰੇ ਪੁੱਛੋ ਹੈ , ਲਸ਼ਕਰ ਫਿਰੇ ਤੋ ਆਈਂ
ਜੂਹ ਸਨਜਾਨ ਜਿਲੇ ਇਰਾਕੀ , ਮੂਲ ਥਮੀਨਦੇ ਨਾਹੀਂ
ਆ ਦੋ ਮੰਜ਼ਿਲਾ ਪੈਂਡਾ ਕੀਤਾ, ਥੀਏ ਪੁੱਛਣ ਤਾਈਂ
ਆਖ ਦਮੋਦਰ ਕਹੇ ਸੋਹਰ ਕੁ , ਪਿਆ ਗਮਾਂ ਅਦਾਈਂ