ਸੋਹਣੀ ਮਹੀਂਵਾਲ

ਯਾਰਾਂ ਵੱਲੋਂ ਕਿੱਸਾ ਲਿਖਣ ਦੀ ਫ਼ਰਮਾਇਸ਼

ਵਾਰੋ ਵਾਰ ਲਗੇ ਗੁਫ਼ਤਗੂ ਕਰਨੇ,
ਆਹੇ ਯਾਰ ਜੋ ਸੁਘੜ ਸੁਜਾਨ ਮੀਆਂ ।
ਕੋਈ ਇਲਮ ਤੌਹੀਦ ਦਾ ਕਹੇ ਨੁਕਤਾ,
ਕੋਈ ਸ਼ਰਾ ਦਾ ਖੋਲ੍ਹ ਬਿਆਨ ਮੀਆਂ ।
ਕੋਈ ਕਹੇ ਸਰੋਦ ਪ੍ਰੇਮ ਵਾਲਾ,
ਕੋਈ ਦੇਇ ਬੈਠਾ ਤਾਰ ਤਾਨ ਮੀਆਂ ।
ਕੋਈ ਕਹੇ ਖ਼ੁਦਾਇ ਦੀ ਕਸਮ ਮੈਨੂੰ,
ਮੇਰਾ ਯਾਰ ਹੈ ਦੀਨ ਈਮਾਨ ਮੀਆਂ ।
ਕੋਈ ਗੱਲ ਸੁਣਾਂਵਦਾ ਆਸ਼ਕਾਂ ਦੀ,
ਕੋਈ ਘੱਤ ਦਿੰਦਾ ਘਮਸਾਨ ਮੀਆਂ ।
ਓੜਕ ਕਰਨ ਸਵਾਲ ਕਮਾਲ ਮੈਨੂੰ,
ਗੱਲਾਂ ਸਾਰੀਆਂ ਨੂੰ ਪੁਣ ਛਾਨ ਮੀਆਂ ।
ਆਖਣ ਸੋਹਣੀ ਤੇ ਮਹੀਂਵਾਲ ਵਾਲਾ,
ਕਰੋ ਕੁੱਲ ਬਿਆਨ ਅੱਯਾਨ ਮੀਆਂ ।
ਫ਼ਜ਼ਲ ਸ਼ਾਹ ਕਿੱਸਾ ਅਲਫ਼ੋਂ ਯੇ ਤੀਕਰ,
ਕਰੋ ਸ਼ਿਅਰ ਪੰਜਾਬ ਜ਼ੁਬਾਨ ਮੀਆਂ ।