ਪੂਰਨ ਭਗਤ

ਗੁਰੂ ਗੋਰਖ ਦਾ ਪੂਰਨ ਨੂੰ ਖੂਹੋਂ ਕਢਾਣਾ

ਨੂਨ ਨਾਲ ਦੇ ਸਾਧ ਖਮੋਸ਼ ਹੋਇ,
ਗੁਰੂ ਪੁਛਦਾ ਆਪ ਖਲੋਇ ਕੇ ਜੀ ।
ਸਚ ਦਸੁ ਖਾਂ ਤੂੰ ਹੈਂ ਕੌਣ ਕੋਈ,
ਗੁਰੂ ਪੁਛਦਾ ਕਾਹਲਿਆਂ ਹੋਇ ਕੇ ਜੀ ।
ਬਾਰਾਂ ਬਰਸ ਨਾ ਆਦਮੀ ਮੂੰਹ ਲਗਾ,
ਪੂਰਨ ਬੋਲਿਆ ਸੀ ਵਿਚੋਂ ਰੋਇ ਕੇ ਜੀ ।
ਕਾਦਰਯਾਰ ਮੈਂ ਰੂਪ ਹਾਂ ਆਦਮੀ ਦਾ,
ਭਾਵੇਂ ਦੇਖ ਲਵੋ ਅਜ਼ਮਾਇ ਕੇ ਜੀ ।

--

ਵਾਉ ਵਾਸਤਾ ਪਾਇ ਕੇ ਕਹੇ ਪੂਰਨ,
ਮੰਨੋ ਰਬ ਦੇ ਨਾਉਂ ਸਵਾਲ ਮੇਰਾ ।
ਜਿਹੜੀ ਬਣੀ ਸੀ ਆਖਿ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁਛੋ ਹਵਾਲ ਮੇਰਾ ।
ਕਾਦਰਯਾਰ ਤੁਸੀਂ ਕੱਢੋ ਬਾਹਰ ਮੈਨੂੰ,
ਫੇਰ ਪੁਛਣਾ ਹਾਲ ਅਹਿਵਾਲ ਮੇਰਾ ।

--

ਹੇ ਹੁਕਮ ਜ਼ੁਬਾਨ ਥੀਂ ਨਾਥ ਕੀਤਾ,
ਲਜ ਤੁਰਤ ਵਹਾਂਵਦੇ ਵਿਚ ਚੇਲੇ ।
ਪੂਰਨ ਬਾਹਰ ਆਇਆ ਗੁਰੂ ਲੋਥ ਡਿਠੀ,
ਜਿਵੇਂ ਘਾਇਲ ਕੀਤਾ ਸ਼ੇਰ ਵਿਚ ਬੇਲੇ ।
ਸੋਹਣੀ ਸੂਰਤਿ ਵਿਚ ਨਾ ਫਰਕ ਕੋਈ,
ਹੱਥ ਪੈਰ ਮੇਲੇ ਗੁਰੂ ਓਸ ਵੇਲੇ ।
ਕਾਦਰਯਾਰ ਜਾ ਰਬ ਨੂੰ ਯਾਦ ਕੀਤਾ,
ਸਚਾ ਰਬ ਜੇ ਇਸ ਦੇ ਜ਼ਖ਼ਮ ਮੇਲੇ ।

--

ਲਾਮ ਲੋਥ ਚੁਕਾਇ ਕੇ ਗੁਰੂ ਹੋਰਾਂ,
ਪੂਰਨ ਭਗਤ ਨੂੰ ਆਂਦਾ ਹੈ ਚੁਕ ਡੇਰੇ ।
ਬੈਠ ਨਾਲ ਤਾਗੀਦ ਦੇ ਪੁਛਿਓ ਨੇ,
ਕਿਹੜੇ ਸ਼ਹਿਰ ਨੀ ਲੜਕਿਆ ਘਰ ਤੇਰੇ ।
ਕਿਸ ਦਾ ਪੁਤ ਤੇ ਕੀ ਹੈ ਨਾਉਂ ਤੇਰਾ,
ਕਿੰਨ ਖੁਹ ਪਾਇਆ ਵੱਢੇ ਹੱਥ ਤੇਰੇ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਰਬ ਜਾਣਦਾ ਜੋ ਬਣੀ ਨਾਲ ਮੇਰੇ ।

--

ਅਲਫ਼ ਆਖਦਾ ਮੁਲਕ ਉਜੈਨ ਸਾਡਾ,
ਰਾਜਾ ਬਿਕ੍ਰਮਜੀਤ ਦੀ ਵਲ ਹੈ ਜੀ ।
ਉਸ ਮੁਲਕੋਂ ਆਇਆ ਸਾਡਾ ਬਾਪ ਦਾਦਾ,
ਸਿਆਲਕੋਟ ਬੈਠੇ ਹੁਣ ਮਲ ਹੈ ਜੀ ।
ਪੂਰਨ ਨਾਉਂ ਤੇ ਪੁਤਰ ਸਲਵਾਹਨ ਦਾ ਹਾਂ,
ਜਿਸ ਵੱਢ ਸੁਟਾਇਆ ਵਿਚ ਡਲ ਹੈ ਜੀ ।
ਕਾਦਰਯਾਰ ਹੁਣ ਆਪਣਾ ਆਪ ਦਸੋ,
ਤਦੇ ਖੋਲ੍ਹ ਦਸਾਂ ਅਗੋਂ ਗੱਲ ਹੈ ਜੀ ।

--

ਯੇ ਯਾਦ ਕਰ ਚੇਲਿਆਂ ਕਹਿਆ ਕੋਲੋਂ,
ਗੁਰੂ ਨਾਥ ਜਾਂ ਹੋਇਆ ਬਖਸ਼ਨ ਹਾਰਾ ।
ਕੁਝ ਮੰਗ ਲੈ ਬੇਪਰਵਾਹੀਆਂ ਥੋਂ,
ਟਿੱਲੇ ਬਾਲ ਗੁੰਦਾਈ ਦਾ ਸੰਤੁ ਭਾਰਾ ।
ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ,
ਮਥਾ ਟੇਕਦਾ ਕੁਲ ਜਹਾਨ ਸਾਰਾ ।
ਕਾਦਰਯਾਰ ਫ਼ਕੀਰਾਂ ਦੀ ਗੱਲ ਸੁਣ ਕੇ,
ਪੂਰਨ ਪਿਆ ਪੈਰੀਂ ਹੋਇਆ ਮਿਨਤਦਾਰਾ ।