ਪੂਰਨ ਭਗਤ

ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦਸਣਾ

1
ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ ।
ਨੇਕੀ ਮਾਇ ਤੇ ਬਾਪ ਦੀ ਯਾਦ ਕਰ ਕੇ,
ਸਭੋ ਦਸਦਾ ਓਸ ਨੂੰ ਫੋਲ ਕੇ ਜੀ ।
ਗੁਰੂ ਨਾਥ ਜਾ ਓਸ ਦੇ ਦਰਦ ਰੁੰਨਾ,
ਹੰਝੂ ਰਤ ਦੀਆਂ ਅਖੀਂ ਡੋਲ੍ਹ ਕੇ ਜੀ ।
ਕਾਦਰਯਾਰ ਸੁਣਾਂਵਦਾ ਗੱਲ ਸਭੋ,
ਸੁਖਨ ਦਰਦ ਫ਼ਿਰਾਕ ਦੇ ਬੋਲ ਕੇ ਜੀ ।
2
ਬੇ ਬਹੁਤ ਸਾਂ ਲਾਡਲਾ ਜੰਮਿਆ ਮੈਂ,
ਘਤ ਧੌਲਰੀਂ ਪਾਲਿਆ ਬਾਪ ਮੈਨੂੰ ।
ਬਾਰ੍ਹੀਂ ਵਰ੍ਹੀਂ ਮੈਂ ਗੁਰੂ ਜੀ ਬਾਹਰ ਆਇਆ,
ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ ।
ਲਾਗੀ ਸਦ ਕੇ ਕਰਨ ਵਿਆਹ ਲਗੇ,
ਚੜ੍ਹ ਗਿਆ ਸੀ ਗ਼ਮ ਦਾ ਤਾਪ ਮੈਨੂੰ ।
ਕਾਦਰਯਾਰ ਮੈਂ ਆਖਿਆ ਬਾਪ ਨੂੰ ਜੀ,
ਨਹੀਂ ਭਾਂਵਦੀ ਏ ਗਲ ਆਪ ਮੈਨੂੰ ।
3
ਤੇ ਤਕ ਡਿਠਾ ਬਾਬਲ ਵਲ ਮੇਰੇ,
ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ ।
ਕਿਵੇਂ ਰਬ ਕਰਾਇਆ ਤੇ ਆਖਿਓ ਸੂ,
ਕਰ ਹੁਕਮ ਜ਼ੁਬਾਨ ਥੀਂ ਮਿਹਰਵਾਨੀ ।
ਜਾਇ ਪੂਰਨਾ ਮਾਇ ਨੂੰ ਟੇਕ ਮੱਥਾ,
ਗਲ ਸਮਝੀਏ ਗੁਰੂ ਜੀ ਹੋਇ ਦਾਨੀ ।
ਕਾਦਰਯਾਰ ਮੈਂ ਜਾਇ ਜਾਂ ਮਹਲ ਵੜਿਆ,
ਦੇਖ ਹੋਇਆ ਸੀ ਲੂਣਾ ਦਾ ਸਿਦਕ ਫ਼ਾਨੀ ।
4
ਸੇ ਸਾਬਤੀ ਰਹੀ ਨਾ ਵਿਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਨ ਲਗੀ ।
ਗੁਰੂ ਨਾਥ ਜੀ ਗਲ ਨੂੰ ਸਮਝਿਆ ਜੇ,
ਕੜਾ ਜ਼ਿਮੀਂ ਅਸਮਾਨ ਦਾ ਢਾਹਨ ਲਗੀ ।
ਕੰਨੀਂ ਖਿਚ ਮੈਂ ਅੰਦਰੋਂ ਬਾਹਰ ਆਇਆ,
ਜਦੋਂ ਧਰਮ ਡਿਠਾ ਜਿੰਦ ਜਾਨ ਲਗੀ ।
ਕਾਦਰਯਾਰ ਜਾਂ ਰਾਤ ਨੂੰ ਆਇਆ ਰਾਜਾ,
ਉਹਨੂੰ ਨਾਲਸ਼ਾਂ ਨਾਲ ਸਿਖਾਨ ਲਗੀ ।
5
ਜੀਮ ਜਦੋਂ ਸੁਣੀ ਰਾਜੇ ਗਲ ਉਹਦੀ,
ਉਸੇ ਵਕਤ ਮੈਨੂੰ ਸਦਵਾਇ ਕੇ ਜੀ ।
ਕਹਿਰਵਾਨ ਹੋਏ ਬਾਪ ਦੇ ਨੈਣ ਖ਼ੂਨੀ,
ਧਪਾ ਮਾਰਿਆ ਪਾਸ ਬਠਲਾਇ ਕੇ ਜੀ ।
ਉਸੇ ਵਕਤ ਜਲਾਦਾਂ ਨੂੰ ਆਖਿਆ ਸੂ,
ਖੂਹੇ ਵਿਚ ਪਾਓ ਇਹਨੂੰ ਜਾਇ ਕੇ ਜੀ ।
ਕਾਦਰਯਾਰ ਮੀਆਂ ਏਸ ਖੂਹੇ ਅੰਦਰ,
ਕਰ ਗਏ ਦਾਖ਼ਲ ਮੈਨੂੰ ਆਇ ਕੇ ਜੀ ।
6
ਹੇ ਹਾਲ ਸੁਣਾਂਵਦਾ ਗੁਰੂ ਤਾਈਂ,
ਕੇਹਾ ਵਰਤਿਆ ਇਹ ਨਜੂਲ ਮੈਨੂੰ ।
ਮੇਰੇ ਮਾਇ ਤੇ ਬਾਪ ਦੇ ਵਸ ਨਾਹੀਂ,
ਸਭੇ ਰਬ ਦਿਖਾਂਵਦਾ ਸੂਲ ਮੈਨੂੰ ।
ਕਰੋ ਕਰਮ ਜੀ ਰਬ ਦਾ ਵਾਸਤਾ ਜੇ,
ਹੋਵਨ ਨੈਨ ਪਰਾਨ ਵਸੂਲ ਮੈਨੂੰ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਪਿਛਾ ਦੇਇ ਨਾ ਜਾਇਓ ਸੂ ਮੂਲ ਮੈਨੂੰ ।
7
ਖ਼ੇ ਖ਼ੁਸ਼ੀ ਹੋਈ ਗੁਰੂ ਨਾਥ ਤਾਈਂ,
ਜਲ ਪਾਇ ਕੇ ਪੂਰਿਆ ਤੁਰਤ ਮੀਤਾ ।
ਹਥੀਂ ਆਪਣੀ ਓਸ ਦੇ ਮੂੰਹ ਲਾਇਆ,
ਪੜਦੇ ਖੁਲ੍ਹ ਗਏ ਜਦੋਂ ਘੁਟ ਪੀਤਾ ।
ਫੇਰ ਬੇਪਰਵਾਹ ਗੁਰੂ ਨਾਥ ਹੋਰਾਂ,
ਪੂਰਨ ਭਗਤ ਤਾਈਂ ਸਾਵਧਾਨ ਕੀਤਾ ।
ਕਾਦਰਯਾਰ ਗੁਜ਼ਾਰ ਕੇ ਬਰਸ ਬਾਰਾਂ,
ਖ਼ਸਤਾਹਾਲ ਤਾਈਂ ਖ਼ੁਸ਼ਹਾਲ ਕੀਤਾ ।
8
ਪੂਰਨ ਦੀ ਯੋਗ ਦੀ ਮੰਗ ਤੇ ਗੋਰਖ ਦੀ ਪ੍ਰਵਾਨਗੀ
ਦਾਲ ਦੇਣ ਲਗਾ ਰੁਖ਼ਸਤ ਓਸ ਵੇਲੇ,
ਗੁਰੂ ਆਖਦਾ ਬਚਾ ਜੀ ਮੁਲਖ ਜਾਵੋ ।
ਦੇਖ ਬਾਪ ਤੇ ਮਾਇ ਨੂੰ ਠੰਢ ਪਾਵੋ,
ਦੁਖ ਕਟਿਆ ਜਾਇ ਤੇ ਸੁਖ ਪਾਵੋ ।
ਪੂਰਨ ਆਖਦਾ ਬੇਹਿਸਾਬ ਹੈ ਜੀ,
ਕੰਨ ਪਾੜ ਮੇਰੇ ਅੰਗ ਖ਼ਾਕ ਲਾਵੋ ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਮਿਹਰਬਾਨਗੀ ਦੇ ਘਰ ਵਿਚ ਆਵੋ ।
9
ਜ਼ਾਲ ਜ਼ਰਾ ਨਾ ਪਓ ਖ਼ਿਆਲ ਮੇਰੇ,
ਗੁਰੂ ਆਖਦਾ ਜੋਗ ਕਮਾਨ ਔਖਾ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਕਰਨਾ,
ਦੁਨੀਆਂ ਛਡ ਦੇਣੀ ਮਰ ਜਾਣ ਔਖਾ ।
ਕਾਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ,
ਮੰਦੀ ਹਿਰਸ ਦਾ ਤੋੜਨਾ ਮਾਨ ਔਖਾ ।
ਕਾਦਰਯਾਰ ਕਹਿੰਦਾ ਗੁਰੂ ਪੂਰਨ ਤਾਈਂ,
ਏਸ ਰਾਹ ਦਾ ਮਸਲਾ ਪਾਨ ਔਖਾ ।
10
ਰੇ ਰੋਇ ਕੇ ਪੂਰਨ ਹੱਥ ਬੰਨ੍ਹੇ,
ਲੜ ਛਡ ਤੇਰਾ ਕਿਥੇ ਜਾਵਸਾਂ ਮੈਂ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਸਿਰ ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ ।
ਕਰੋ ਕਰਮ ਤੇ ਸੀਸ ਪਰ ਹੱਥ ਰਖੋ,
ਖਿਜ਼ਮਤਗਾਰ ਗ਼ੁਲਾਮ ਸਦਾਵਸਾਂ ਮੈਂ ।
ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ,
ਟਹਿਲ ਸਾਬਤੀ ਨਾਲ ਕਰਾਵਸਾਂ ਮੈਂ ।
11
ਜ਼ੇ ਜ਼ੋਰ ਬੇਜ਼ੋਰ ਹੋ ਗੁਰੂ ਅਗੇ,
ਪੂਰਨ ਆਇ ਕੇ ਸੀਸ ਨਿਵਾਂਵਦਾ ਏ ।
ਗੁਰੂ ਪਕੜ ਕੇ ਸੀਸ ਤੋਂ ਲਿੱਟ ਕਤਰੀ,ہ
ਕੰਨ ਪਾੜ ਕੇ ਮੁੰਦਰਾਂ ਪਾਂਵਦਾ ਏ ।
ਗੇਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ,
ਹਥੀਂ ਆਪਣੀ ਨਾਥ ਪਹਿਨਾਂਵਦਾ ਏ ।
ਕਾਦਰਯਾਰ ਗੁਰੂ ਸਵਾ ਲਖ ਵਿਚੋਂ,
ਪੂਰਨ ਭਗਤ ਮਹੰਤ ਬਣਾਂਵਦਾ ਏ ।