ਪੂਰਨ ਭਗਤ

ਪੂਰਨ ਨੂੰ ਵੇਖਦਿਆਂ ਹੀ ਸੁੰਦਰਾਂ ਦਾ ਵਿੱਕ ਜਾਣਾ

19
ਗੈਨ ਗੁੱਸਾ ਆਇਆ ਰਾਣੀ ਸੁੰਦਰਾਂ ਨੂੰ,
ਬਾਰੀ ਖੋਲ੍ਹ ਝਰੋਖੇ ਦੇ ਵਿਚ ਰਾਣੀ ।
ਕਰ ਨਜ਼ਰ ਫ਼ਕੀਰ ਦੀ ਤਰਫ਼ ਡਿੱਠਾ,
ਸੂਰਤ ਦੇਖ ਕੇ ਓਸ ਦੀ ਸਿੱਕ ਧਾਣੀ ।
ਆਖੇ ਗੋਲੀਏ ਨੀ ਇਹਨੂੰ ਸਦ ਅੰਦਰ,
ਇਹਦੀ ਸੂਰਤ ਹੀ ਮੇਰੇ ਮਨ ਭਾਣੀ ।
ਕਾਦਰਯਾਰ ਗੋਲੀ ਕਹਿੰਦੀ ਆਉ ਅੰਦਰ,
ਰਾਣੀ ਸੁੰਦਰਾਂ ਦੇ ਦਿਲ ਮਿਹਰਬਾਣੀ ।
20
ਫ਼ੇ ਫ਼ੇਰ ਕਿਹਾ ਪੂਰਨ ਭਗਤ ਅਗੋਂ,
ਅੰਦਰ ਜਾਣ ਫ਼ਕੀਰਾਂ ਦਾ ਕਰਮ ਨਾਹੀ ।
ਬਾਹਰ ਆਇ ਕੇ ਰਾਣੀ ਤੂੰ ਖ਼ੈਰ ਪਾਈਂ,
ਅਸੀਂ ਫ਼ਕਰ ਹਾਂ ਤੇ ਦਿਲੋਂ ਨਰਮੁ ਨਾਹੀ ।
ਅਸੀਂ ਆਏ ਹਾਂ ਤਲਬ ਦੀਦਾਰ ਦੀ ਨੂੰ,
ਕੋਈ ਹੋਰ ਸਾਡੇ ਦਿਲ ਭਰਮ ਨਾਹੀ ।
ਕਾਦਰਯਾਰ ਅਸੀਲਾਂ ਦੇ ਅਸੀਂ ਜਾਏ,
ਕੋਈ ਜਾਤਿ ਕੁਜਾਤਿ ਬੇਧਰਮੁ ਨਾਹੀ ।
21
ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ,
ਭਰੀ ਬੋਰੀ ਉਲੱਟ ਕੇ ਢੇਰ ਕਰਦੀ ।
ਹੀਰੇ ਲਾਲ ਜਵਾਹਰ ਹੋਰ ਪਾਏ,
ਭਰ ਥਾਲ ਲਿਆਂਵਦੀ ਪੂਰ ਜ਼ਰਦੀ ।
ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ,
ਚਰਨ ਚੁੰਮ ਕੇ ਪੈਰ ਤੇ ਸੀਸ ਧਰਦੀ ।
ਕਾਦਰਯਾਰ ਕਹੇ ਖੜੇ ਹੋ ਰਹੋ ਇਥੇ,
ਰੋਜ਼ ਰਹਾਂਗੀ ਹੋਇ ਗ਼ੁਲਾਮ ਬਰਦੀ ।
22
ਕਾਫ਼ ਕਰਮ ਕਰੋ ਵਸੋ ਪਾਸ ਮੇਰੇ,
ਖਲੀ ਇਕ ਮੈਂ ਅਰਜ਼ ਗੁਜ਼ਾਰਨੀ ਹਾਂ ।
ਅੰਦਰ ਚਲੋ ਤਾਂ ਰੰਗ ਮਹਿਲ ਤਾਈਂ,
ਤੋਸਕ ਫ਼ਰਸ਼ ਵਿਛਾਇ ਬਹਾਵਨੀ ਹਾਂ ।
ਕਰਾਂ ਟਹਿਲ ਜੋ ਤੁਸਾਂ ਦੀ ਖ਼ੁਸ਼ੀ ਹੋਵੇ,
ਭੋਜਨ ਖਾਓ ਤਾਂ ਤੁਰਤ ਪਕਾਵਨੀ ਹਾਂ ।
ਕਾਦਰਯਾਰ ਖੜੀ ਰਾਣੀ ਅਰਜ਼ ਕਰਦੀ,
ਘੜੀ ਰਹੋ ਤਾਂ ਜੀਓਕਾ ਪਾਵਨੀ ਹਾਂ ।
23
ਲਾਮ ਲਿਆਈਏ ਭਿਛਿਆ ਕਹੇ ਪੂਰਨ,
ਅੰਦਰ ਵਾੜ ਬਣਾਓ ਨਾ ਚੋਰ ਸਾਨੂੰ ।
ਅਗੇ ਇਕ ਫਾਹੀ ਵਿਚੋਂ ਲੰਘ ਆਏ,
ਹੁਣ ਕਜੀਏ ਪਾਓ ਨਾ ਹੋਰ ਸਾਨੂੰ ।
ਮਹਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ,
ਅਸੀਂ ਜਾਂਦੜੇ ਭਲੇ ਹਾਂ ਟੋਰ ਸਾਨੂੰ ।
ਕਾਦਰਯਾਰ ਫਿਰ ਭੋਜਨ ਦੀ ਭੁਖ ਨਾਹੀ,
ਸਵਾ ਪਹਿਰ ਦੀ ਵਾਟ ਨਾ ਮੋੜ ਸਾਨੂੰ ।
24
ਮੀਮ ਮਿਨਤਾਂ ਕਰੇ ਨਾ ਰਹੇ ਪੂਰਨ,
ਲੈ ਕੇ ਭਿਛਿਆ ਗੁਰੂ ਦੇ ਕੋਲ ਆਇਆ ।
ਹੱਥ ਜੋੜ ਕਹਿੰਦਾ ਗੁਰੂ ਨਾਥ ਅਗੇ,
ਮੈਂ ਤਾਂ ਰੋਬਰੋ ਜਾਇ ਕੇ ਖ਼ੈਰ ਲਿਆਇਆ ।
ਗੁਰੂ ਨਾਥ ਤੇ ਦੇਖ ਹੈਰਾਨ ਹੋਇਆ,
ਹੀਰੇ ਲਾਲ ਜਵਾਹਰਾਂ ਕਿਸ ਪਾਇਆ ।
ਕਾਦਰਯਾਰ ਕਹਿੰਦਾ ਰਾਣੀ ਸੁੰਦਰਾਂ ਨੇ,
ਇਹ ਖ਼ੈਰ ਤੁਸਾਂ ਵਲ ਏ ਘਲਾਇਆ ।