ਰਾਤ ਦਿਨੇ ਮੈਂ ਤੈਨੂੰ ਟੋਲ੍ਹਾਂ ਤੇਰੇ ਲਈ

ਰਾਤ ਦਿਨੇ ਮੈਂ ਤੈਨੂੰ ਟੋਲ੍ਹਾਂ ਤੇਰੇ ਲਈ
ਪਿਆਰ ਦੇ ਸੁੱਚੇ ਮੋਤੀ ਰੋਲਾਂ ਤੇਰੇ ਲਈ

ਆਪਣੇ ਸੱਭੇ ਸੁਖ ਮੈਂ ਲਾ ਕੇ ਤੇਰੇ ਨਾਂ,
ਦੁੱਖਾਂ ਵਿਚ ਵੀ ਸੁੱਖ ਟਟੋਲਾਂ ਤੇਰੇ ਲਈ

ਤੂੰ ਆਵੇਂ ਤੇ ਪਿਆਸ ਬੁਝਾਵਾਂ ਅੱਖੀਆਂ ਦੀ
ਦਿਲ ਦੇ ਸਾਰੇ ਬੂਹੇ ਖੋਲ੍ਹਾਂ ਤੇਰੇ ਲਈ

ਜ਼ਿੰਦਾ ਰਹਿਣ ਦਾ ਬਲ ਤੂੰ ਮੈਨੂੰ ਦੱਸਿਆ ਏ
ਕਿਉਂ ਨਾ ਫੇਰ ਹਿਆਤੀ ਰੋਲਾਂ ਤੇਰੇ ਲਈ

ਤੂੰ ਹੋਵੇਂ ਤੇ ਯਾਦ ਰਹਵੇ ਨਾ ਆਪਣਾ ਆਪ
ਤੇਰੇ ਬਾਝੋਂ ਫਿਰ ਮੈਂ ਡੋਲਾਂ ਤੇਰੇ ਲਈ

ਲੋਕ ਤੇ ਆਪਣੀ ਖ਼ਾਤਰ ਟੋਲ੍ਹਣ ਆਪਣਾ ਆਪ
ਤੇ ਮੈਂ ਆਪਣਾ ਆਪ ਟਟੋਲਾਂ ਤੇਰੇ ਲਈ

ਬੋਲਣ ਦੀ ਫਿਰ ਜਾਚ ਨਾ ਮੈਨੂੰ ਯਾਦ ਰਹਵੇ
ਆਗ਼ਾ ਮੰਦਾ ਬੋਲ ਜੇ ਬੋਲਾਂ ਤੇਰੇ ਲਈ