ਸੁੱਤਿਆਂ ਨੂੰ ਬੇਦਾਰ ਕਰਾਂ ਮੈਂ ਸੋਚ ਰਿਹਾਂ

ਸੁੱਤਿਆਂ ਨੂੰ ਬੇਦਾਰ ਕਰਾਂ ਮੈਂ ਸੋਚ ਰਿਹਾਂ
ਕੋਸ਼ਿਸ਼ ਫਿਰ ਇਕ ਵਾਰ ਕਰਾਂ ਮੈਂ ਸੋਚ ਰਿਹਾਂ

ਆਪਣੇ ਮਗਰੋਂ ਆਉਣ ਵਾਲੇ ਲੋਕਾਂ ਲਈ
ਰਸਤੇ ਨੂੰ ਹਮਵਾਰ ਕਰਾਂ ਮੈਂ ਸੋਚ ਰਿਹਾਂ

ਬੰਦਿਆਂ ਤੇ ਇਤਬਾਰ ਕਰਨ ਤੋਂ ਚੰਗਾ ਏ
ਸੱਪਾਂ ਤੇ ਇਤਬਾਰ ਕਰਾਂ ਮੈਂ ਸੋਚ ਰਿਹਾਂ

ਮਰ ਵੀ ਜਾਵਾਂ ਤੇ ਇਹ ਦੁਨੀਆਂ ਯਾਦ ਕਰੇ
ਉਹ ਅਣਹੋਣੀ ਕਾਰ ਕਰਾਂ ਮੈਂ ਸੋਚ ਰਿਹਾਂ

ਜਿੰਦੜੀ ਨੂੰ ਤੇ ਨੇੜੇ ਹੋ ਕੇ ਵੇਖ ਲਿਆ
ਮੌਤ ਦਾ ਹਨ ਦੀਦਾਰ ਕਰਾਂ ਮੈਂ ਸੋਚ ਰਿਹਾਂ

ਅੱਖਾਂ ਜਿਹਦੀ ਸੂਰਤ ਵੀ ਨਾ ਤੱਕਣਾ ਚਾਹੁਣ
ਆਗ਼ਾ ਇਹਨੂੰ ਪਿਆਰ ਕਰਾਂ ਮੈਂ ਸੋਚ ਰਿਹਾਂ