ਸ਼ਾਮ ਢਲੇ ਤੇ ਆਪਣਾ ਸੀਨਾ ਠਾਰੇ ਰਾਤ

ਸ਼ਾਮ ਢਲੇ ਤੇ ਆਪਣਾ ਸੀਨਾ ਠਾਰੇ ਰਾਤ
ਚੰਨ ਨੂੰ ਵੇਖੇ ਨਾਲੇ ਵੇਖੇ ਤਾਰੇ ਰਾਤ

ਮਿੱਠੀ ਨੀਂਦਰ ਸੌਂਦੇ ਲੋਕੀ ਬਿਸਤਰ ਤੇ
ਸਾਡੀ ਨੀਂਦ ਉਡਾ ਕੇ ਪੈਰ ਪਸਾਰੇ ਰਾਤ

ਟੁਰਦੀ ਟੁਰਦੀ ਥੱਕ ਜਾਂਦੀ ਏ ਆਪ ਜਦੋਂ
ਸੂਰਜ ਪਿੱਛੇ ਲੁਕ ਕੇ ਥਕਨ ਉਤਾਰੇ ਰਾਤ

ਲੋਕੀ ਸ਼ਿਕਵਾ ਕਰਦੇ ਨਿੱਕੀਆਂ ਰਾਤਾਂ ਦਾ
ਸਾਨੂੰ ਲੱਗਣ ਪਲ ਵੀ ਭਾਰੇ ਭਾਰੇ ਰਾਤ

ਦਿਲ ਤੇ ਜਰਦਾ ਤਾਅਨੇ ਸਭਨਾਂ ਸੱਧਰਾਂ ਦੇ
ਤਾਰੇ ਗਿਣ ਗਿਣ ਕੱਟਦੇ ਨੈਣ ਵਿਚਾਰੇ ਰਾਤ

ਕਰਦੇ ਨੇ ਇਤਬਾਰ ਕਿਸੇ ਦਾ 'ਆਗ਼ਾ' ਜੋ
ਉਨ੍ਹਾਂ ਨੂੰ ਤਰਸਾ ਤਰਸਾ ਕੇ ਮਾਰੇ ਰਾਤ