ਖ਼ਾਹਿਸ਼ਾਂ ਦੀ ਧੂੜ ਦੇ ਤੂਫ਼ਾਨ ਵਿਚ

ਖ਼ਾਹਿਸ਼ਾਂ ਦੀ ਧੂੜ ਦੇ ਤੂਫ਼ਾਨ ਵਿਚ
ਲੱਭ ਰਿਹਾ ਹਾਂ ਮੈਂ ਵਫ਼ਾ ਇਨਸਾਨ ਵਿਚ

ਦੋ ਕਦਮ ਦਾ ਫ਼ਾਸਲਾ ਵੀ ਹੈ ਤਵੀਲ
ਹੌਸਲਾ ਹੋਵੇ ਨਾ ਜੇ ਇਨਸਾਨ ਵਿਚ

ਆਰਜ਼ੂ ਦਾ ਹਰ ਸਫ਼ੀਨਾ ਡੁੱਬ ਗਿਆ
ਨਾ ਉਮੀਦੀ ਦੇ ਚੜ੍ਹੇ ਤੂਫ਼ਾਨ ਵਿਚ

ਮੈਂ ਸਦਾ ਕਰਨਾ ਵਾਂ ਉਹਦੀ ਜੁਸਤਜੂ
ਤੇਰੇ ਭਾਣੇ ਜੋ ਨਹੀਂ ਇਮਕਾਨ ਵਿਚ

ਖ਼ੌਫ਼ ਖਾਂਦਾ ਆਪ ਉਹ ਇਨਸਾਨ ਤੋਂ
ਅਕਲ ਹੁੰਦੀ ਜੇ ਕਦੇ ਹੈਵਾਨ ਵਿਚ

ਫਿਰ ਰਿਆਇਆ ਕਿਉਂ ਮੁਖ਼ਾਲਿਫ਼ ਹੋ ਗਈ
ਜੇ ਬੁਰਾਈ ਕੁੱਝ ਨਹੀਂ ਸੁਲਤਾਨ ਵਿਚ

ਜਦ ਕਸ਼ਿਸ਼ ਆਗ਼ਾ ਵਿਖਾਈ ਕੁਫ਼ਰ ਨੇ
ਤਾਜ਼ਗੀ ਆਈ ਮੇਰੇ ਈਮਾਨ ਵਿਚ