ਕੌਣ ਨਹੀਂ ਚਾਹੇਗਾ

(ਹਰਭਜਨ ਤੇ ਸੁਰਿੰਦਰ ਨੂੰ)

ਕੌਣ ਨਹੀਂ ਚਾਹੇਗਾ
ਆਪਣੇ ਦਿਲਦਾਰਾਂ ਦੀ ਮਹਿਫ਼ਲ 'ਚ ਬੈਠ
ਕਸ਼ਮੀਰੀ ਚਾਹ ਦੀਆਂ ਚੁਸਕੀਆਂ ਲੈਣਾ
ਬ੍ਰੈਖਤ ਦੀਆਂ ਕਵਿਤਾਵਾਂ ਪੜ੍ਹਨੀਆਂ
ਤੇ ਕਵਿਤਾ ਨੂੰ ਜ਼ਿੰਦਗੀ ਤੇ ਜ਼ਿੰਦਗੀ ਨੂੰ ਕਵਿਤਾ
ਬਣਾਉਣ ਬਾਰੇ ਸੋਚਣਾ…

ਕੌਣ ਨਹੀਂ ਚਾਹੇਗਾ
ਕਿਸੇ ਆਦਿਵਾਸੀ ਕੁੜੀ ਦੇ ਹੱਥੋਂ ਮਹੂਏ ਦੀ ਸ਼ਰਾਬ ਪੀਣੀ
ਲੋਰ 'ਚ ਆਪਣੀ ਪਹਿਲੀ ਮੁਹੱਬਤ
ਜਾਂ ਮਨ-ਪਸੰਦ ਰੰਗਾਂ ਦੀਆਂ ਗੱਲਾਂ ਕਰਨੀਆਂ
ਜਾਂ ਇਸ ਸਾਦੀ ਜਿਹੀ ਸਚਾਈ ਬਾਰੇ
ਕਿ ਤਵਾਇਫ ਅੱਖਾਂ 'ਚ ਵੀ ਹੰਝੂ ਹੁੰਦੇ ਨੇ
ਤੇ ਇਨ੍ਹਾਂ ਹੰਝੂਆ ਦਾ ਰਿਸ਼ਤਾ
ਜ਼ਮੀਨ ਉੱਤੇ ਕੰਬਦੇ ਪੋਟਿਆ ਨਾਲ਼ ਪਾਏ
ਪੂਰਨਿਆ ਜਿਹਾ ਹੁੰਦਾ ਹੈ…

ਕੌਣ ਨਹੀਂ ਚਾਹੇਗਾ
ਸਾਈਕਲ ਤੇ ਲੰਮੀ ਵਾਟ
ਟੁੱਟੀ ਸਲੇਟ ਜਿਹੇ ਬਚਪਨ
ਤੇ 'ਲੋਹੇ ਦੇ ਥਣ' ਜਿਹੀ ਜ਼ਿੰਦਗੀ ਬਾਰੇ ਗੱਲਾਂ ਕਰਨਾ
ਬਸ ਹਸ ਛੱਡਣਾ
ਤੇ ਵਾਟ ਦਾ ਛੋਟੇ ਹੁੰਦੇ ਜਾਣਾ…

ਕੌਣ ਨਹੀਂ ਚਾਹੇਗਾ
ਉਨ੍ਹਾਂ ਘੜੀਆਂ ਉੱਤੇ ਫ਼ਾਇਰ ਕਰਨੇ
ਜੋ ਸਾਡਾ ਨਹੀਂ
ਵਕਤ ਦੇ ਵਣਜਾਰਿਆਂ ਦਾ ਸਮਾਂ ਦੱਸਦੀਆਂ ਹਨ…
ਕੌਣ ਨਹੀਂ ਚਾਹੇਗਾ
ਰੁਕੇ ਪਾਣੀਆਂ ਜਿਹੀ ਸਾਡੀ ਇਹ ਜ਼ਿੰਦਗਾਨੀ
ਬਣ ਜਾਏ ਫਿਰ ਸਾਗਰ ਦੀਆਂ ਛੱਲਾਂ

ਕੌਣ ਨਹੀਂ ਚਾਹੇਗਾ?…
(ਜਲੰਧਰ ਜੇਲ੍ਹ, ਸਤੰਬਰ ੧੯-'ਕੌਣ ਨਹੀਂ ਚਾਹੇਗਾ ਵਿੱਚੋਂ')