ਨਜਮ ਹੁਸੈਨ ਸੱਯਦ ਦੇ ਨਾਂ

ਹਮਸ਼ੀਰ ਹਮਸੁੱਖ਼ਨ ਭਰਾਵਾ
ਆਪਾਂ ਇੱਕੋ ਮਾਂ ਦੇ ਪੁੱਤ ਹਾਂ
ਅਪਣਾ ਕੀ ਵੰਡਿਆ ਹੈ
ਆਪਾਂ ਕੁਝ ਨ੍ਹੀਂ ਵੰਡਣਾ-

ਵਤਨ ਦੀਆਂ ਰਗਾਂ 'ਚ ਵਗਦਾ ਪਾਣੀ
ਰੂਹ ਵਿਚ ਵਸਦੀ ਮਾਂ ਦੀ ਬੋਲੀ
ਪਾਕਪਟਨ ਨਨਕਾਣਾ ਤਖ਼ਤ ਲਹੌਰੀ
ਰਾਵੀ ਕੰਢੇ ਨਚਦਾ ਪੂਰਨ
ਸਤਲੁਜ ਕੰਢੇ ਮਚਦਾ ਭਗਤਾ
ਮੀਆਂ ਮੀਰ ਦਾ ਸੰਗ ਬੁਨਿਆਦੀ

ਆਪ ਸਵਾਲੀ ਆਪ ਹੀ ਦਾਤੇ
ਭਰੀਆਂ ਅੱਖੀਂ, ਖ਼ਾਲੀ ਹੱਥੀਂ
ਕੀ ਰੱਖਣਾ ਤੇ ਕੀ ਵੰਡਣਾ ਹੈ

ਹਮਸ਼ੀਰ ਹਮਸੁਖ਼ਨ ਭਰਾਵਾ
ਵੰਡਣਾ ਤਾਂ ਵੰਡਣਾ ਕਈ ਕੁਝ ਵੰਡਣਾ
ਕੀ ਕੁਝ ਵੰਡਣਾ –
ਦੁੱਖ ਸੁੱਖ ਵੰਡਣਾ
ਦਿਲ ਦਾ ਲਹੂ
ਨੇਰ੍ਹੇ ਦੇ ਵਿਚ ਜਗਦੀ ਜੋਤੀ
ਵੰਡ ਕੇ ਛਕਣਾ ਰਿਜ਼ਕ ਹਯਾਤੀ
ਇਲਮ ਕਿਤਾਬਾਂ
ਕਲਮ ਤੇ ਕਾਗ਼ਜ਼ ਸਭ ਨੂੰ ਵੰਡਣਾ

ਹਮਸ਼ੀਰ ਹਮਸੁਖ਼ਨ ਭਰਾਵਾ
ਆਪਾਂ ਇਕੋ ਮਾਂ ਦੇ ਪੁਤ ਹਾਂ