ਵਿਹੜੇ ਚ ਬਰੋਟਾ

ਵਿਹੜੇ 'ਚ ਉੱਗੇ
ਬੋਹੜ ਦੇ ਨਿੱਕੇ ਬੂਟੇ ਸੰਗ ਮੈਂ ਦਿਨੇ ਰਾਤ ਪਿਆਂ ਬਾਤਾਂ ਪਾਵਾਂ
ਤੂੰ ਏਂ ਸਾਡੇ ਸੁਪਨੇ ਵਰਗਾ
ਜਿਦ੍ਹੀ ਤਾਬੀਰ ਬੜੀ ਲੰਮੇਰੀ
ਕੌਣ ਮਾਣੇਗਾ ਤੇਰੀਆਂ ਠੰਢੀਆਂ ਛਾਵਾਂ
ਨਾ ਤੂੰ ਜਾਣੇ ਨਾ ਮੈਂ ਜਾਣਾ

ਕਿਹੜਾ ਪੰਛੀ ਨਾਲ਼ ਤੇਰੇ ਰਲ ਗੀਤ ਗਾਏਗਾ
ਖਿਜ਼ਾਵਾਂ ਤੇ ਰੁੱਤ ਬਹਾਰ ਦੇ ਨਗਮੇ
ਨਾਂ ਤੂੰ ਜਾਣੇ ਨਾ ਮੈਂ ਜਾਣਾ

ਤੇਰੇ ਨਿੱਕੇ ਪੱਤਰਾਂ ਵਿੱਚ ਧੜਕ ਰਹੀ ਹੈ
ਆਵਣ ਵਾਲੇ ਕੱਲ੍ਹ ਦੀ ਛਾਂ
ਇਕਲਾਪੇ ਦੀ ਧੁੱਪ ਦਾ ਲੂਹਿਆ
ਆਪਣੇ ਕੱਲ੍ਹ ਨੂੰ ਮਾਣ ਰਿਹਾ ਮੈਂ ਏਸ ਹੇਠਾਂ
ਇਹ ਤਾਂ ਤੈਥੋਂ ਲੁਕਿਆ ਨਹੀਂ ਹੈ
ਸੁਪਨਕਾਰ ਕਈ ਅੱਖੀਆਂ
ਤੇਰੇ ਵਰਗੇ ਮੇਰੇ ਵਰਗੇ ਸੁਪਨੇ ਉਣ ਰਹੀਆਂ ਹਨ
ਕੁਝ ਦੈਂਤ ਇਨ੍ਹਾਂ ਨੂੰ ਕੋਹ ਰਹੇ ਨੇ ਭਰੇ ਬਜ਼ਾਰੀਂ
ਪਰ ਉਨ੍ਹਾਂ ਦਾ ਵੱਸ ਨਾ ਚੱਲੇ

ਤੇਰੇ ਵਾਂਙੂੰ ਜੜ੍ਹਾਂ ਇਨ੍ਹਾਂ ਦੀਆਂ ਮਿੱਟੀ ਵਿੱਚ ਹਨ
ਜੁੱਗਾਂ ਜੇਡੀਆਂ ਲੰਮੀਆਂ
ਕੋਈ ਇਨ੍ਹਾਂ ਨੂੰ ਉਖਾੜ ਨਹੀਂ ਸਕਦਾ

ਆਖ਼ਰ ਮਿੱਟੀ ਕਿੰਨਾ ਲਹੂ ਜੀਰ ਸਕੇਗੀ
ਆਖ਼ਰ ਮਿੱਟੀ ਬੋਲ ਪਈ ਹੈ

ਤੇਰੇ ਵਰਗਾ ਸੁਪਨਾ ਤੱਕਦੀਆਂ
ਮੇਰੀਆਂ ਅੱਖੀਆਂ
ਇਕ ਦਿਨ ਸੌਂ ਜਾਣਗੀਆਂ
ਪਰ ਇਹ ਸੁਪਨਾ ਜਾਗਦਾ ਰਹਿਸੀ

ਤੂੰ ਹੋਏਂਗਾ
ਮੈਂ ਹੋਵਾਂਗਾ
ਸਭ ਹੋਵਣਗੇ