ਦੋਹਿਰਾ॥ ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ । ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ? ॥ਡੂਢਾ ਛੰਦ॥ ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ । ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ । ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ । ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ? ਕਿਹਰ ਦੋ ਸੱਜਣ ਵਿੱਚ ਇੱਕ ਝੱਲ ਦੇ, ਭਰੇ ਅਭਿਮਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਵੇਖੀਂ ਰਾਉਣਾਂ ਲੋਭ ਦੀ ਨਦੀ 'ਚ ਰੁੜ੍ਹ ਜੇਂ, ਪਛਤਾਉਣਾਂ ਨਾ ਪਵੇ । ਵੀਰਨ ਭਬੀਛਣ ਬਗ਼ੈਰਾਂ ਬੁੜ ਜੇਂ, ਸ਼ਰਨ ਰਾਮ ਦੀ ਲਵੇ । ਗੈਸ ਚੰਦ ਸੂਰਜ ਇੱਕੋ 'ਜ੍ਹੇ ਜਲਦੇ, ਟਹਿਕਦੇ 'ਸਮਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਸੁਣੋਂ ਕੈਰੋ ਪਾਂਡੋ ਉੱਤਮ ਬੰਸ ਦਿਉ ! ਤੁਸਾਂ ਦਾ ਰਾਜ ਸਾਂਝਾ ਜੀ । ਦੂਈ ਦੇ ਵਿਛੇ 'ਵੇ ਜਾਲ 'ਚ ਫੰਸ ਦਿਉ, ਫੇਰ ਦਿਉ ਨਾ ਮਾਂਜਾ ਜੀ । ਹੋ ਕੇ ਤੇ ਨਰਾਜ਼ ਭਾਈ ਭਾਈ ਰਲਦੇ, ਬਹਿ ਮੰਦਰ-ਮਕਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । 'ਕੱਠੇ ਬਹਿਕੇ ਰਾਗ ਸੱਚੇ ਦਾ ਅਲਾਪਿਉ, ਮਾਲਾ ਫੇਰੋ ਗੁਰ ਦੀ । ਨਵੀਆਂ ਹਕੂਮਤਾਂ ਥਿਆਈਆਂ ਮਾਪਿਉ, ਗੱਲ ਕਰੋ ਸੁਰ ਦੀ । ਭਰ ਦਿਉ ਗਿਆਨ ਵਿੱਚ ਗੱਲ ਗੱਲ ਦੇ, ਮਿੱਠਤ ਜ਼ਬਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਖਿੜਕੇ ਹੀ ਦੇਣ ਖ਼ੁਸ਼ਬੋਈ ਡੋਡੀਆਂ, ਸਦਾ ਗੁਲਾਬ ਦੇ ਫੁੱਲੋ । ਮਹਿਮਾਂ ਗਾਉਣ ਪਾਕਿਅਸਤਾਨੀਂ ਥੋਡੀਆਂ, ਵਾਂਗ ਅਮੀਂ ਦੇ ਡੁੱਲ੍ਹੋ । ਕੀਹਨੇ ਵੇਖੇ ਦੂਈ ਦੇ ਬਿਰਛ ਫਲਦੇ, ਸੜ ਜਾਂਵਦੇ ਜਹਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਵੇਖੋ ਬੀਬਾ ਪਿਛਲੀ ਤਾਰੀਖ਼ ਪੜ੍ਹਕੇ, ਉਲਟਾਉਣਾ ਪੰਨਿਆਂ ਨੂੰ । ਆਪ ਵਿੱਚ ਮਰਗੇ ਪਿਤਾ ਜੀ ਲੜ ਕੇ, ਨਾ ਛਡਾਉਣਾ ਬੰਨ੍ਹਿਆਂ ਨੂੰ । ਰੋਣ ਡਹਿ ਜੋ ਵਾਕੇ ਜੇ ਸੁਣਾਦਿਆਂ ਕੱਲ੍ਹ ਦੇ, ਕਹਾਣੀ ਪਾ ਦਿਆਂ ਕਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ । ਜਾਣੇ 'ਜਥੇਦਾਰ ਜਗਮੇਲ' ਲੱਛਨਾ, ਬਾਬੂ ਜੀ ਦੀ ਸ਼ਾਇਰੀ ਦੇ । ਸਾਹੋ ਕਾ 'ਬਸੰਤ ਸਿਉਂ' ਲਗਾਦੂ ਰਚਨਾ, ਅੰਦਰ ਕਚਹਿਰੀ ਦੇ । ਮਾਨਸਰਾਂ ਵਾਂਗ ਮੋਤੀਆਂ ਦੀ ਛੱਲ ਦੇ, ਭਰੇ 'ਵੇ ਦੀਵਾਨ ਮੇਂ । ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।