ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ

ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ
ਮੈਂ ਜਾਬਰ ਸੁਲਤਾਨ ਦੇ ਅੱਗੇ ਬੋਲਾਂਗਾ

ਆਪਣਾ ਜੇ ਕਰ ਤਖ਼ਤ ਹਜ਼ਾਰਾ ਛੱਡਿਆ ਏ,
ਪੈਰਾਂ ਹੇਠ ਮੈਂ ਝੰਗ ਸਿਆਲ ਮਧੋਲਾਂਗਾ

ਮੈਂ ਧੀਦੋ ਨੂੰ ਮਾਨ ਹੈ ਆਪਣੀ ਵੰਝਲੀ ਤੇ,
ਆਪਣੀ ਜੱਟੀ ਹੀਰ ਦੇ ਮਨ ਨੂੰ ਮੋਹਲਾਂਗਾ

ਬਣ ਕੇ ਵਾਂਗ ਕਿਤਾਬ ਮੇਰੇ ਹੱਥ ਲੱਗਾ ਏ,
ਹੁਣ ਮੈਂ ਉਹਦਾ ਵਰਕਾ ਵਰਕਾ ਫੋਲਾਂਗਾ

ਆਪਣੇ ਹੱਥੀਂ ਆਪਣੀ ਮੌਤ ਲਿਆਵਾਂਗਾ,
ਆਪਣੇ ਹੱਥੀਂ ਉਹਦੀਆਂ ਜ਼ੁਲਫ਼ਾਂ ਖੋਲ੍ਹਾਂਗਾ

ਆਖ਼ਰ ਬੇਲੇ ਵਿਚ ਚੁਰਾਈਆਂ ਮੱਝਾਂ ਨੇ,
ਕਾਲੀ ਬੂਰੀ ਜੋ ਵੀ ਲੱਭੀ ਚੋ ਲਾਂਗਾ

ਮੈਂ ਤੇ ਆਪਣਾ ਲਾਲ ਸੰਭਾਲੀ ਰੱਖਿਆ ਏ,
ਮੈਂ ਕਾਹਦੇ ਲਈ 'ਅਰਸ਼ਦ' ਰਾਖ ਫਰੋਲਾਂਗਾ