ਕਿਹੜਾ ਕਿਹੜਾ ਮੰਜਰ ਆਪਣੀਆਂ ਅੱਖਾਂ ਵਿਚ ਲੁਕਾਵਾਂ

ਕਿਹੜਾ ਕਿਹੜਾ ਮੰਜਰ ਆਪਣੀਆਂ ਅੱਖਾਂ ਵਿਚ ਲੁਕਾਵਾਂ
ਕਿਹੜੇ ਨੂੰ ਮੈਂ ਯਾਦ ਰੱਖਾਂ ਤੇ ਕਿਹੜੇ ਨੂੰ ਭੁੱਲ ਜਾਵਾਂ

ਮਾਂ ਆਪਣੀ ਦਾ ਚੁੱਲ੍ਹਾ ਚੌਂਕਾ ਜਾਂ ਬਾਪੂ ਦਾ ਵਿਹੜਾ,
ਮੈਨੂੰ ਲਗਦੀਆਂ ਸਨ ਇਹ ਯਾਰੋ ਜੰਨਤ ਵਰਗੀਆਂ ਥਾਵਾਂ

ਛੰਨਾ, ਥਾਲੀ, ਚਿਮਟਾ, ਬਾਟੀ, ਕੌਲੀ, ਕੜਛੀ, ਡੋਈ,
ਮਾਂ ਆਪਣੀ ਦੇ ਦਾਜ ਨੂੰ ਲੈਕੇ ਮੈਂ ਕਿੱਥੇ ਟੁਰ ਜਾਵਾਂ

ਛੱਡ ਕੇ ਆਪਣੀ ਜੰਮਣ ਭੋਂ ਨੂੰ ਮੈਂ ਕਿਹੜਾ ਸੁੱਖ ਪਾਇਆ,
ਵਿਚ ਸਿਹਰਾ ਦੇ ਡਾਰੋਂ ਵਿਛੜੀ ਕੂੰਜ ਤਰ੍ਹਾਂ ਕੁਰਲਾਵਾਂ

ਮਸਜਿਦ, ਮੰਦਰ ਵਗਦਾ ਖੂਹ ਤੇ ਜੰਗਲ ਨਦੀ ਕਿਨਾਰਾ,
ਭੁੱਲ ਸਕਨਾਂ ਵਾਂ ਕੀਵੇਂ 'ਸਿਖੂ ਚੱਕ' ਦੀਆਂ ਠੰਢੀਆਂ ਛਾਵਾਂ

ਮਾਂ ਦੇ ਮਰਨ ਤੋਂ ਮਗਰੋਂ ਕੋਈ ਮਾਂ ਵਰਗਾ ਨਾ ਦਿਸਿਆ,
ਮਾਂ ਦੀ ਸੂਰਤ ਵਰਗੀ ਸੂਰਤ ਕਿੱਥੋਂ ਲੱਭ ਲਿਆਵਾਂ

ਮੇਰੇ ਮਾਪੇ ਜਿਹੜੀ ਥਾਂ ਵਿਚ ਰੱਬਾ ਹੈਣ ਸਮਾਏ,
ਰੱਖੀਂ ਓਸ ਜ਼ਮੀਨ ਦੇ ਉੱਤੇ ਰਹਿਮਤ ਦਾ ਪਰਛਾਵਾਂ

ਨਾਲ ਹਿਜਰ ਤੇ ਦੁੱਖ ਦੇ ਮੇਰਾ ਲੱਕ ਦੂਹਰਾ ਹੋ ਜਾਂਦਾ,
ਮਾਂ ਤੇ ਪਿਉ ਦੀ ਕਬਰ ਤੇ ਅਰਸ਼ਦ ਮਿੱਟੀ ਜਦ ਮੈਂ ਪਾਵਾਂ

See this page in  Roman  or  شاہ مُکھی

ਹਕੀਮ ਅਰਸ਼ਦ ਸ਼ਹਿਜ਼ਾਦ ਦੀ ਹੋਰ ਕਵਿਤਾ