ਜੇਕਰ ਸਾਡੇ ਸੱਜਣ ਬੇਲੀ ਆਲ-ਦਵਾਲੇ ਹੁੰਦੇ

ਜੇਕਰ ਸਾਡੇ ਸੱਜਣ ਬੇਲੀ ਆਲ-ਦਵਾਲੇ ਹੁੰਦੇ
ਗ਼ੈਰਾਂ ਦੇ ਫਿਰ ਸੱਜਣਾਂ ਸਾਨੂੰ ਕਾਹਦੇ ਪਾਲੇ ਹੁੰਦੇ

ਅੰਨ੍ਹੀਆਂ ਰਾਤਾਂ ਦੇ ਵਿਚ ਯਾਰੋ ਠੇਡੇ ਕਦੀ ਨਾ ਖਾਂਦੇ,
ਜੇਕਰ ਲੋਕਾਂ ਗਲੀਆਂ ਦੇ ਵਿਚ ਦੀਵੇ ਬਾਲੇ ਹੁੰਦੇ

ਜਿਹੜੇ ਲੋਕੀ ਅੰਨ ਗ਼ਰੀਬਾਂ ਕੋਲੋਂ ਖੋਹਕੇ ਖਾਵਣ,
ਉਹ ਲੋਕੀ ਨੇ ਖ਼ਵਰੇ ਰਾਣੀ ਖ਼ਾਂ ਦੇ ਸਾਲੇ ਹੁੰਦੇ

ਲੱਭ ਲੈਂਦਾ ਮੈਂ ਉਹਨੂੰ ਜੇ ਉਹ ਆਪਣੀ ਥਾਂ ਤੇ ਹੁੰਦਾ,
ਭਾਵੇਂ ਰਸਤੇ ਦੇ ਵਿਚ ਜਿੰਨੇ ਮਰਜ਼ੀ ਖਾਲੇ ਹੁੰਦੇ

ਕੀ ਸੀ ਸੱਜਣਾ ਜੇ ਕਰ ਹੁੰਦਾ ਮੈਂ ਤੇਰਾ ਪਰਛਾਵਾਂ,
ਜਿੱਧਰ ਜਾਂਦੋਂ ਅਸੀਂ ਵੀ ਤੇਰੇ ਨਾਲੇ ਨਾਲੇ ਹੁੰਦੇ

ਜੇ ਕਰ ਮੈਂ ਵੀ ਨੀਚਾਂ ਦੇ ਨਾਲ ਯਾਰੀ ਲਾਈ ਹੁੰਦੀ,
ਹਾਸਿਆਂ ਦੀ ਥਾਂ ਮੇਰਿਆਂ ਬੁੱਲ੍ਹਾਂ ਤੇ ਵੀ ਨਾਲੇ ਹੁੰਦੇ

ਨਿੱਘੀਆਂ ਰਾਤਾਂ ਦੀ ਜੇ ਉਹਨੇ ਕਦਰ ਪਛਾਣੀ ਹੁੰਦੀ,
ਕਾਹਨੂੰ ਉਹਦਿਆਂ ਲੇਖਾਂ ਦੇ ਵਿਚ ਐਨੇ ਪਾਲੇ ਹੁੰਦੇ

ਪੀੜ ਪਰਾਈ ਨੂੰ ਜੋ ਲੋਕੀ ਆਪਣੀ ਹਿੱਕ ਤੇ ਜਰਦੇ,
ਉਹ ਹੀ ਲੋਕੀ 'ਅਰਸ਼ਦ' ਦੁੱਖਾਂ ਦਰਦਾਂ ਵਾਲੇ ਹੁੰਦੇ