ਜੀ ਕਰਦਾ ਏ ਮੇਰਾ ਮੈਂ ਵੀ ਉਹਦਾ ਮਣਕਾ ਭੰਨਾ

ਜੀ ਕਰਦਾ ਏ ਮੇਰਾ ਮੈਂ ਵੀ ਉਹਦਾ ਮਣਕਾ ਭੰਨਾ
ਜੀਹਨੇ ਰਾਂਝੂ ਯਾਰ ਤੋਂ ਖੋਹ ਲਿਆ ਚੂਰੀ ਵਾਲਾ ਛੰਨਾ

ਦੁੱਖਾਂ ਬਾਝੋਂ ਇਸ ਦੁਨੀਆਂ ਵਿਚ ਆ ਕੇ ਕੁਝ ਨਹੀਂ ਖੱਟਿਆ
ਇੰਜ ਗੁਜ਼ਾਰੀ ਯਾਰ ਹਿਆਤੀ ਜਿਉਂ ਬੇਲਣ ਵਿਚ ਗੰਨਾ

ਮੈਨੂੰ ਫੇਰ ਵੀ ਡਰ ਆਉਂਦਾ ਏ ਪਟਵਾਰੀ ਦੇ ਕੋਲੋਂ,
ਨਾ ਸੀ ਮੇਰੀ ਪੈਲੀ ਕੋਈ ਤੇ ਨਾ ਹੈ ਸੀ ਬੰਨਾ

ਵਰ੍ਹਿਆਂ ਤੋਂ ਗੱਲ ਲੰਮੀ ਹੋਈ ਨੂੰ ਇਕ ਪਾਸੇ ਲਾ ਦੇ,
ਯਾ ਰੱਖ ਲੈ ਯਾ ਛੱਡਦੇ ਮੈਨੂੰ ਕਰਦੇ ਹੰਨਾ-ਬੰਨਾ

ਬੰਦੇ ਛੱਡ ਕੇ ਲਾ ਲਏ ਉਹਨੇ ਰਿੱਛਾਂ ਨਾਲ ਯਾਰਾਨੇ,
ਲਗਦੈ ਮੈਨੂੰ ਹੋ ਗਿਆ ਹੋਣੈ ਉਹ ਅੱਖੀਆਂ ਤੋਂ ਅੰਨ੍ਹਾ

ਤੇਰੀ ਫ਼ਿਤਰਤ ਕੰਮ ਚੰਗੇ ਤੇ ਵੀ ਤਨਕੀਦ ਹੈ ਕਰਨਾ,
ਲਗਦੈ ਮੈਨੂੰ ਬਾਜ਼ ਨਹੀਂ ਆਉਣਾ ਤੂੰ ਕੁੱਤੇ ਦਿਆ ਕੰਨਾ

ਲੋਕਾਂ ਚੰਨ ਅਫ਼ਲਾਕੀ ਤੱਕ ਕੇ ਆਪਣੀ ਈਦ ਮਨਾਈ,
ਮੈਂ ਵੀ ਈਦ ਮਨਾਵਾਂ ਆਪਣੀ ਚੜ੍ਹ ਕੋਠੇ ਤੇ ਚੰਨਾ

ਕਿਹੜੇ ਮਾਨ ਤਰਾਨ ਦੇ ਨਾਲ ਮੈਂ ਤੇਰੀ ਹਿੱਕ ਨਾਲ ਲੱਗਾਂ,
ਨਾ ਮੈਂ ਲਾਲ ਜਵਾਹਰ ਕੋਈ ਨਾ ਮੈਂ ਕੋਈ ਪੰਨਾ

ਉਹ ਆਪਣੀ ਮਰਜ਼ੀ ਦਾ ਮਾਲਕ ਮੇਰੀ ਗੱਲ ਨਹੀਂ ਮੰਨਦਾ
ਪੱਥਰ ਦੇ ਨਾਲ ਕਾਹਨੂੰ 'ਅਰਸ਼ਦ' ਆਪਣਾ ਮੱਥੜਾ ਭੰਨਾ