ਸੱਸੀ ਪੰਨੂੰ

ਸਫ਼ਾ 26

ਥਲ ਮਾਰੋ ਤਪ ਦੋਜ਼ਖ਼ ਹੋਇਆ, ਆਤਿਸ਼ ਸੋਜ਼ ਹਿਜਰ ਦੀ
ਮੁੜਨ ਮੁਹਾਲ ਵਿਖਾਲਣ ਔਖੀ, ਸੂਰਤ ਕੈਚ ਸ਼ਹਿਰ ਦੀ
ਜਬ ਲੱਗ ਤਾਂਘ ਨਿਰਾਸ ਨਹੀਂ, ਜਿਵੇਂ ਯੂਸੁਫ਼ ਤਾਂਘ ਮਿਸਰ ਦੀ
ਹਾਸ਼ਿਮ ਸਖ਼ਤ ਬਲੋਚ ਕਮੀਨੇ, ਬੇ ਇਨਸਾਫ਼ ਬੇਦਰਦੀ

ਕੁੱਝ ਵਗਦੀ, ਕੁੱਝ ਢੀਂਦੀ ਬਹਿੰਦੀ, ਉਠਦੀ ਤੇ ਦਮ ਲੈਂਦੀ
ਜਿਉਂ ਕਰ ਟੋਟ ਸ਼ਰਾਬੋਂ ਆਵੇ ਫੇਰ ਅਤੇ ਵੱਲ ਵੇਹੰਦੀ
ਢੂੰਡੇ ਖੋਜ ਸ਼ੁਤਰ ਦਾ ਕੱਤ ਵੱਲ ਹਰ ਗਜ਼ ਭਾਲ਼ ਨਾ ਪੈਂਦੀ
ਹਾਸ਼ਿਮ ਜੁਗਤਿ ਨਾ ਕਿਉਂ ਕਰ ਗਾ ਨਵੇਂ, ਪ੍ਰੀਤ ਸਪੂਰਨ ਜੀਂਦੀ

ਕੁਦਰਤ ਨਾਲ਼ ਸੱਸੀ ਹੱਥ ਆਇਆ, ਫਿਰਦੀ ਖੋਜ ਸ਼ੁਤਰ ਦਾ
ਜਾਣ ਨਹੀਂ ਉਹ ਖੋਜ ਸੱਸੀ ਨੂੰ, ਮਿਲਿਆ ਜਾਮ ਖ਼ਿਜ਼ਰ ਦਾ
ਯਾ ਉਹ ਨੂਰ ਨਜ਼ਰ ਦਾ ਕਹੀਏ ਦਾਰੂ ਦਰਦ ਹਿਜਰ ਦਾ
ਹਾਸ਼ਿਮ ਬਲਕਿ ਸੱਸੀ ਨੂੰ ਮਿਲਿਆ, ਕਾਸਦ ਕੈਚ ਸ਼ਹਿਰ ਦਾ

ਦਾਰੂ ਦਰਦ ਹਿਜਰ ਦਾ ਕਰਕੇ, ਖੋਜ ਲਏ ਗੱਲ ਲਾਏ
ਫਿਰ ਭੀ ਡਰਦੀ ਲਾ ਨਾ ਸਕਦੀ, ਮੱਤ ਇਹ ਭੀ ਮਿਟ ਜਾਏ
ਫਿਰ ਕਰ ਦੇਖ ਰਹੀ, ਹੋਰ ਦੂਰ ਜਾ, ਖੋਜ ਨਾ ਨਜ਼ਰੀ ਪਾਏ
ਹਾਸ਼ਿਮ ਫੇਰ ਵਸਾਹ ਨਾ ਕਰਦੀ, ਵਾਂਗ ਪੁਨੂੰ ਛਿੱਲ ਜਾਏ