ਟੁਰ ਗਏ ਨੇ ਜੇ ਜਾਵਣ ਵਾਲੇ ਕੀ ਕਰੀਏ

ਟੁਰ ਗਏ ਨੇ ਜੇ ਜਾਵਣ ਵਾਲੇ, ਕੀ ਕਰੀਏ ?
ਕਿਸਮਤ ਦੇ ਅੰਦਾਜ਼ ਨਿਰਾਲੇ, ਕੀ ਕਰੀਏ ?

ਸਾਰੇ ਘਰਾਂ ਨੂੰ ਜਿਨ੍ਹਾਂ ਰੌਸ਼ਨ ਕਰਨਾ ਨਹੀਂ,
ਇਹੋ ਜਿਹੇ ਮਜਬੂਰ ਉਜਾਲੇ, ਕੀ ਕਰੀਏ ?

ਇਕਲਾਪੇ ਨੇ ਰੋਹ ਵਿਚ ਡੇਰੇ ਲਾਏ ਨੇ,
ਰੌਲੇ ਨੇ ਜੇ ਆਲੇ ਦੁਆਲੇ, ਕੀ ਕਰੀਏ ?

ਸਾਡੇ ਤਾਂ ਸਭ ਜਜ਼ਬੇ ਪੱਥਰ ਹੋ ਗਏ ਨੇ,
ਸ਼ਾਮ, ਸਵੇਰੇ, ਧੁੱਪਾਂ, ਪਾਲੇ ਕੀ ਕਰੀਏ ?

ਖ਼ੋਰੇ ਕੰਨਾਂ ਪੰਧ ਅਜੇ ਤੱਕ ਬਾਕੀ ਏ,
ਪੈਰਾਂ ਦੇ ਵਿਚ ਪੇ ਗਏ ਛਾਲੇ, ਕੀ ਕਰੀਏ ?

ਸਾਡੀ ਪਿਆਸ ਤੇ ਹੋਰ ਵਧਾਈ ਬੱਦਲਾਂ ਨੇ,
ਭਰ ਗਏ ਨੇ ਜੇ ਦਰਿਆ ਨਾਲੇ ਕੀ ਕਰੀਏ ?

ਸਾਡੀ ਸਾਂਝ ਸਲੀਮ ਜਿਹਦੇ ਨਾਲ਼ ਪੇ ਗਈ ਏ,
ਜੇ ਉਹ ਸਾਡੀ ਪੱਗ ਉਛਾਲੇ, ਕੀ ਕਰੀਏ ?