ਕੀਤਾ ਏ ਕਿਰਦਾਰ ਹੀਰੋ ਦਾ, ਜਿਹਨੇ ਅਮਨ ਕਹਾਣੀ ਵਿਚ

ਕੀਤਾ ਏ ਕਿਰਦਾਰ ਹੀਰੋ ਦਾ, ਜਿਹਨੇ ਅਮਨ ਕਹਾਣੀ ਵਿਚ
ਆਪਣੇ ਸਾਹ ਵੀ ਦੇ ਛੱਡੇ ਨੇ, ਮੈਂ ਉਹਦੀ ਨਿਗਰਾਨੀ ਵਿਚ

ਐਵੇਂ ਤੇ ਨਈਂ 'ਗ਼ਮ' ਦੁਨੀਆਂ ਦੇ, ਮੇਰੇ ਘਰ ਵਿਚ ਆ ਜਾਂਦੇ,
ਚਾਰ-ਦਿਹਾੜੇ ਰਹਿ ਚੁੱਕੇ ਨੇ, ਇਹ ਮੇਰੀ ਮਹਿਮਾਨੀ ਵਿਚ

ਮੁੱਖ ਤੋਂ ਉਡਿਆ ਦੇਖ ਕੇ ਪੱਲਾ, ਹੋਈ ਗ਼ਲਤੀ ਦੇਖਣ ਦੀ,
ਦਾਨਸ਼ਤਾ ਤੇ ਮੈਂ ਨਹੀਂ ਕੀਤੀ, ਹੋਈ ਏ ਨਾਦਾਨੀ ਵਿਚ

ਸੁਣਿਆ ਏ ਹੁਣ ਤਖ਼ਤ ਵਫ਼ਾ ਦਾ, ਉਹਨੂੰ ਮਿਲਣੇ ਵਾਲਾ ਏ,
ਕਾਸ਼ ! ਕਦੀ ਆ ਜਾਵੇ ਮੈਨੂੰ, ਮੌਤ ਉਹਦੀ ਨਿਗਰਾਨੀ ਵਿਚ

ਫ਼ਸਲ ਵਫ਼ਾ ਦੀ ਜਿਸ ਥਾਂ ਬੀਜੀ, ਇਥੋਂ ਵੱਢੀ ਜ਼ਖ਼ਮਾਂ ਦੀ,
ਗੁਜ਼ਰ ਗਈ ਏ ਕੁਲ ਹਯਾਤੀ, ਆਪਣੀ ਤੇ ਕੁਰਬਾਨੀ ਵਿਚ

ਇਹਦੇ ਪੁੱਤਰ ਖਿੱਚਦੇ ਪਏ ਨੇ, ਚਾਦਰ ਇਹਦੇ ਸਿਰ ਤੋਂ ਅੱਜ,
ਲਗਦਾ ਏ ਹੁਣ ਮਰ ਜਾਈਗੀ, 'ਮਾਂ-ਬੋਲੀ' ਉਰਿਯਾਨੀ ਵਿਚ

ਬਿਨਾ ਆਜ਼ਾਦ ਏ ਅਜ਼ਮ ਮਰੇ ਦਾ, ਭਾਵੇਂ ਟੱਕਰਾਂ ਮਾਰੇ ਪਈ,
ਏਨਾ ਜ਼ਹਰਾ ਰਹਿਣ ਨਾ ਦਿੱਤਾ, ਭੂਤੀ ਹੋਈ ਤੁਗ਼ਿਆਨੀ ਵਿਚ