ਮੇਰੇ ਲਹੂ ਦੇ ਨਾਲ਼ ਕਦੇ ਜੇ, ਤੇਰਾ ਲਹੂ ਨਾ ਰਲਦਾ

ਮੇਰੇ ਲਹੂ ਦੇ ਨਾਲ਼ ਕਦੇ ਜੇ, ਤੇਰਾ ਲਹੂ ਨਾ ਰਲਦਾ
ਕਦੀ ਨਾ ਮੇਰੇ ਸੀਨੇ ਦੇ ਵਿਚ, ਯਾਦਾਂ ਦਾ ਰੁੱਖ ਪਲਦਾ

ਜਿਸਦੇ ਖ਼ੂਨ ਚ ਖ਼ੁਦਦਾਰੀ ਦਾ, ਕਤਰਾ ਰਲਿਆ ਹੋਵੇ,
ਅਣਖ ਉਹਦੀ ਦਾ ਝੱਖੜਾਂ ਵਿਚ ਵੀ, ਰਹਿੰਦਾ ਦੀਵਾ ਬਲਦਾ

ਅੱਥਰੂ ਖ਼ੂਨ ਬਣਨ ਯਾ ਉੱਠਣ ਸੀਨੇ 'ਚੋਂ ਕੁਰਲਾਹਟਾਂ,
ਸ਼ਹਿਰ ਵਫ਼ਾ 'ਚੋਂ ਇਕ ਵੀ ਦਰਦੀ, ਹੁਣ ਨਈਂ ਬਾਹਰ ਨਿਕਲਦਾ

ਮੁਨਸਿਫ਼ ਦੇ ਖ਼ੂਨ 'ਚ ਰਹਿੰਦੀ, ਥੋੜੀ ਪਰਖ ਵੀ ਬਾਕੀ,
ਕਦੀ ਨਾ ਅਮਨ ਦੀ ਗਰਦਨ ਅਤੇ, ਜ਼ੁਲਮ ਦਾ ਖ਼ੰਜਰ ਚਲਦਾ

ਜੇ ਲਹਿਰਾਂ ਵਿਚ ਮਾਸੂਮਾਂ ਦਾ, ਖ਼ੂਨ ਨਾ ਹੁੰਦਾ ਸ਼ਾਮਿਲ,
ਫੇਰ ਸਮੁੰਦਰ ਦਾ ਕੋਈ ਸਾਹਿਲ, ਛੱਲਾਂ ਨੂੰ ਕਿੰਜ ਠਿੱਲ੍ਹਦਾ ?

ਦਰਿਆਵਾਂ ਚੋਂ ਲਾਂਬੂ ਉੱਠਣ, ਸੂਰਜ ਜੀਭਾਂ ਫੇਰੇ,
ਦੱਸਦਾ ਏ ਆਜ਼ਾਦ ਪਿਆ ਹੁਣ ਸਾਹ ਦਾ ਸਾਇਆ ਢਲ਼ਦਾ