ਆਪਣੇ ਘਰ ਨੂੰ, ਆਪਣੇ ਘਰ ਚੋਂ ਲੱਭਣਾ ਵਾਂ

ਆਪਣੇ ਘਰ ਨੂੰ, ਆਪਣੇ ਘਰ ਚੋਂ ਲੱਭਣਾ ਵਾਂ
ਭਰਿਆ ਮੇਲਾ ਖ਼ੁਦ ਨੂੰ ਕਲਾ ਦਬਣਾ ਵਾਂ

ਖੋਦਾਂ ਪਿਆ ਵਫ਼ਾ ਦੇ ਅੱਜ ਵੀ ਖੰਡਰਾਂ ਨੂੰ,
ਡਿੱਗਾ-ਢੱਠਾ ਪਿਆਰ ਦਾ ਭੋਰਾ ਕਢਣਾ ਵਾਂ

ਅੱਖ ਝਮਕੀ ਤੇ ਮੋਤੀ ਖਿਲਰ ਜਾਣੇ ਨੇ,
ਇਸੇ ਲਈ ਮੈਂ ਅੱਖੀਆਂ ਨੂੰ ਬੰਦ ਰੱਖਣਾ ਵਾਂ

ਨਹੀਂ ਮੁਨਾਫ਼ਿਕ ਇਸ ਲਈ ਮੇਰਾ ਰੂਪ ਏ ਇਕ,
ਖਰੀਆਂ ਕਿਹਨੂੰ ਡਰਨਾ ਵਾਂ ਨਾ ਝਕਣਾ ਵਾਂ

ਸਾਹ ਮੇਰੇ 'ਚੋਂ ਬਾਸ ਲਹੂ ਦੀ ਆਉਂਦੀ ਏ,
ਜ਼ਾਲਮ ਦਾ ਲਹੂ ਸ਼ਾਮ-ਸਵੇਰੇ ਚੱਖਣਾ ਵਾਂ

ਝੱਖੜ ਮੇਰੀ ਕੁਸ਼ਤੀ ਤੋਂ ਕਤਰਾਨ ਪਏ,
ਮੈਂ ਤਾਂ ਨਾਲ਼ ਕਿਨਾਰੇ ਲੈ ਕੇ ਚੱਲਣਾ ਵਾਂ

ਲਗਦਾ ਏ ਆਜ਼ਾਦ ਕਿ ਹੋਣੀ ਫਿਰਦੀ ਏ,
ਮਜ਼ਲੂਮਾਂ ਦੇ ਮਿੱਥੇ ਨੂੰ ਪਿਆ ਪੜ੍ਹਨਾ ਵਾਂ