ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉਤੇ ਆਈ ਹੋਈ

ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉਤੇ ਆਈ ਹੋਈ
ਚੰਨ ਸੂਰਜ ਤੋਂ ਲੁਕਦੀ ਫਿਰਦੀ, ਵਾਵਾਂ ਤੋਂ ਘਬਰਾਈ ਹੋਈ

ਕੋਈ ਬੂਹਾ ਖੁੱਲ੍ਹਿਆ ਨਾਹੀਂ ਮੈਨੂੰ ਦੇਖ ਕੇ ਲੋਕੀਂ ਲੁਕਦੇ,
ਕਿਧਰ ਜਾਵਾਂ ? ਸੋਚ ਰਹੀ ਆਂ, ਬੰਦ ਗਲੀ ਵਿਚ ਆਈ ਹੋਈ

ਵਾਦੀ ਪੀਂਘ ਤੇ ਪੱਤੇ ਵਾਂਗੂੰ, ਇਧਰ ਉਧਰ ਝੂਟੇ ਖਾਵਾਂ,
ਨਾ ਕੋਈ ਮੇਰਾ ਬਾਬਲ ਉਥੇ, ਨਾ ਕੋਈ ਮੇਰੀ ਮਾਈ ਹੋਈ

ਦਰਿਆ ਵੀ ਸਹੁਰਾ ਬਣ ਜਾਂਦੇ, ਮੇਰੇ ਕੋਲੋਂ ਲੰਘਦੇ ਲੰਘਦੇ,
ਨ੍ਹੇਰੇ ਦੇ ਵਿਚ ਲੁਕ ਜਾਂਦੀ ਏ, ਰੁੱਤ ਰੰਗੀਲੀ ਛਾਈ ਹੋਈ

ਦੁੱਖ ਵੱਧ ਕੇ ਘੱਟ ਹੋ ਜਾਂਦੇ ਨੇ, ਰਾਤ ਹਨ੍ਹੇਰੀ ਲੰਘਦੀ ਨਾਹੀਂ,
ਰੋਜ਼ ਈ ਡਿੱਗੇ ਬਿਜਲੀ ਘਰ ਤੇ, ਮੁੜਿਓਂ ਦਲ ਨੂੰ ਲਾਈ ਹੋਈ

ਕਾਲ਼ੀ ਘਟ ਛਾਵੇ ਨਾ ਛਾਵੇ, ਦਿਨ ਹੋਵੇ ਯਾ ਸ਼ਾਮਾਂ ਹੋਵਣ,
ਚੰਨ ਚਮਕੇ ਯਾ ਸੂਰਜ, ਖ਼ਾਵਰ ਤੇਰੇ ਕਦ ਰੁਸ਼ਨਾਈ ਹੋਈ ?