ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ

ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ
ਝੋਲੇ ਵਾਂਗੂੰ ਡੋਲਣ ਦੇਖੋ, ਭਾਗ ਔਲੇ ਮੇਰੇ ਨੇ

ਸਤਰੰਗੀਆਂ ਬਰਸਾਤਾਂ ਆਈਆਂ, ਯਾਦਾਂ ਦੀ ਬਰਸਾਤ ਸੁਣੇ,
ਐਪਰ ਭਾਂਬੜ ਮਚਦੇ ਦੇਖੋ, ਮੇਰੇ ਚਾਰ-ਚੁਫੇਰੇ ਨੇ

ਰਾਤ ਹਨ੍ਹੇਰੀ ਕਿਸ ਬਣਾ ਦਿੱਤੀ, ਚਿੰਨ ਵੀ ਨਜ਼ਰੀਂ ਆਵੇ ਨਾ,
ਹੱਥ ਨੂੰ ਹੱਥ ਨਾ ਦੱਸਦਾ ਫਿਰ ਵੀ, ਲੋਕੀ ਕਹਿਣ ਸਵੇਰੇ ਨੇ

ਮੈਨੂੰ ਨਾ ਕੋਈ ਰਸਤਾ ਦੱਸਦਾ, ਮੰਜ਼ਿਲ ਤੀਕਰ ਜਾਵਣ ਦਾ,
ਚੋਕ ਦੇ ਵਿਚ ਖਲੋਤੀ ਹੋਈ ਆਂ, ਰਸਤੇ ਚਾਰ-ਚੁਫੇਰੇ ਨੇ

ਉਹਦੀਆਂ ਸਭੇ ਗੱਲਾਂ-ਬਾਤਾਂ, ਹੁਣ ਮੈਂ ਖ਼ੂਬ ਪਛਾਣ ਗਈ,
ਗਿਰਗਟ ਨੇ ਕੀ ਰੰਗ ਬਦਲਨੀਂ, ਉਹਦੇ ਰੰਗ ਵਧੇਰੇ ਨੇ

ਇੰਜ ਤੇ ਹੈ ਅਸਮਾਨ ਇਹ ਸਾਰਾ, ਖ਼ਾਵਰ ਭਰਿਆ ਤਾਰਿਆਂ ਦਾ,
ਆਪਣੀ ਕਿਸਮਤ ਅਤੇ ਫਿਰ ਵੀ, ਛਾਏ ਘ੍ਘੱਪ-ਹਨ੍ਹੇਰੇ ਨੇ