ਪੈਰ ਜਦੋਂ ਦੇ ਚਿੰਨ੍ਹ ਤੇ ਪਹੁੰਚੇ ਨੇ ਇਨਸਾਨਾਂ ਦੇ

ਪੈਰ ਜਦੋਂ ਦੇ ਚਿੰਨ੍ਹ ਤੇ ਪਹੁੰਚੇ ਨੇ ਇਨਸਾਨਾਂ ਦੇ
ਇਥੇ ਵੱਧ ਗਏ ਨੇ ਅੰਦੇਸ਼ੇ ਨਿੱਤ ਤੂਫ਼ਾਨਾਂ ਦੇ

ਮੈਂ ਕੀ ਜਾਣਾ ਕੌਣ ਗਿਆ ਤੇ ਕੌਣ ਆਇਆ ਏ ਘਰ
ਮੈਂ ਤੇ ਤਾਰੇ ਗੰਦਾ ਰਹਿਣਾ ਬੱਸ ਅਸਮਾਨਾਂ ਦੇ

ਨਿੱਤ ਨਵੇਂ ਬੁਹਤਾਨ ਨੂੰ ਜਰਨਾ ਕਿਸਮਤ ਉਨ੍ਹਾਂ ਦੀ
ਜਿਨ੍ਹਾਂ ਭਰੋਸੇ ਕਰ ਲਏ ਭੁੱਲ ਕੇ ਵੀ ਅਣਜਾਣਾਂ ਦੇ

ਨਫ਼ਸਾ ਨਫ਼ਸੀ ਦੁਨੀਆ ਅਤੇ ਏਨੀ ਵੱਧ ਗਈ ਏ
ਵੇਖ ਰਿਹਾ ਹਾਂ ਥਾਂ ਥਾਂ ਸੌਦੇ ਮੈਂ ਈਮਾਨਾਂ ਦੇ

ਆਪਣੇ ਜਜ਼ਬੇ ਜੋ ਨਹੀਂ ਰੱਖਦੇ ਗਿਰਵੀ ਗ਼ਰਜ਼ਾਂ ਕੋਲ਼
ਭਾਰ ਕਦੇ ਨਹੀਂ ਚੁੱਕਦੇ ਯਾਰੋ ਉਹ ਅਹਿਸਾਨਾਂ ਦੇ

ਆ ਜਾਂਦਾ ਏ ਵੇਲ਼ਾ ਜਦ ਵੀ ਆਪਣੀ ਆਈ ਤੇ
ਰੇਜ਼ਾ ਰੇਜ਼ਾ ਕਰਦਾ ਪਲ ਵਿਚ ਮਾਨ ਚਟਾਨਾਂ ਦੇ

ਫੜੀਆਂ ਹੋਵਣ ਜੇ ਕਰ ਆਗ਼ਾ ਕੰਬਦੇ ਹੱਥਾਂ ਵਿਚ
ਤੀਰ ਨਿਸ਼ਾਨੇ ਤੇ ਨਹੀਂ ਲਗਦੇ ਫੇਰ ਕਮਾਨਾਂ ਦੇ