ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ

ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ ।
ਫੇਰ ਵੀ ਦਿਲ ਤੇ ਹਾਸੇ ਦੀ ਪੰਡ ਚਾਈ ਏ ।

ਜ਼ਿੰਦ ਤੋਂ ਵਧ ਕੇ ਦੋਜ਼ਖ਼ ਸਾੜ ਕੀ ਹੋਣੀ ਏ
ਪੀੜਾਂ ਦੇ ਸੰਗ ਹਸ-ਹਸ ਰੋਜ਼ ਹੰਢਾਈ ਏ ।

ਮਨ ਦਾ ਸ਼ੀਸ਼ਾ ਕਿਰਚੀ ਕਿਰਚੀ ਹੋਇਆ ਏ
ਹਰ ਬੂਹੇ ਤੇ ਦਿੱਤੀ ਪਿਆਰ ਦੀ ਸਾਈ ਏ ।

ਆਪਣੀਆਂ ਸੋਚਾਂ ਦਾਣਿਆਂ ਵਾਂਗੂੰ ਖਿੜੀਆਂ ਨੇ
ਜਦ ਵੀ ਆਪਣੇ ਮਨ ਵਿਚ ਭੱਠੀ ਤਾਈ ਏ ।

ਦਿਲ ਤੇ ਕਹਿੰਦਾ ਹੈ ਉਹਨੇ ਨਹੀਂ ਆ ਸਕਣਾ
ਝੱਲੀਆਂ ਅੱਖੀਆਂ ਆਸ ਅਜੇ ਵੀ ਲਾਈ ਏ ।