ਰੋਜ਼ ਮੈਂ ਜੀਣਾ ਰੋਜ ਮੈਂ ਮਰਨਾ ਤੇਰੇ ਲਈ

ਰੋਜ਼ ਮੈਂ ਜੀਣਾ ਰੋਜ ਮੈਂ ਮਰਨਾ ਤੇਰੇ ਲਈ
ਅੱਥਰੂਆਂ ਦੀ ਸੰਗਤ ਕਰਨਾ ਤੇਰੇ ਲਈ

ਖ਼ਬਰੇ ਭੁੱਲ ਕੇ ਤੂੰ ਖ਼ਾਬਾਂ ਵਿਚ ਆ ਜਾਵੇਂ
ਸਾਰੀ ਰਾਤ ਮੈਂ ਹੌਕੇ ਭਰਨਾ ਤੇਰੇ ਲਈ

ਇਕ ਹਾਸੇ ਦੀ ਗੱਲ ਨੂੰ ਤੋੜ ਚੜ੍ਹਾਵਣ ਲਈ
ਰੋਜ਼ ਮੈਂ ਸੋਚ ਦੀ ਸੂਲੀ ਚੜ੍ਹਨਾ ਤੇਰੇ ਲਈ

ਵੇਲੇ ਦੀ ਅੱਖ ਅੰਦਰ ਅੱਖ ਤੇ ਪਾ ਸਕਣਾ
ਗਲੀਆਂ ਦੇ ਕੱਖਾਂ ਤੋਂ ਡਰਨਾ ਤੇਰੇ ਲਈ

ਸਭਨੀਂ ਪਾਸੀਂ ਨਫ਼ਰਤ ਵੈਰ ਪਏ ਪਲਦੇ ਨੇ
'ਅਹਿਸਾਨ'ਦੀ ਗੱਲ ਫੇਰ ਵੀ ਕਰਨਾ ਤੇਰੇ ਲਈ