ਕਿਸਦੇ ਹੱਥ ਸਦਾਕਤ ਏਥੇ ਆਈ ਏ ?

ਕਿਸਦੇ ਹੱਥ ਸਦਾਕਤ ਏਥੇ ਆਈ ਏ ?
ਕਿਸਨੇ ਹਸਕੇ ਮੌਤ ਕਲੇਜੇ ਲਾਈ ਏ ।

ਕੌਣ ਏਂ ਜਿਹੜਾ ਹਕ ਲਈ ਸੂਲੀ 'ਤੇ ਚੜ੍ਹਿਆ
ਕੌਣ ਏਂ ਜਿਸ ਮੂੰਹ ਆਈ ਗੱਲ ਸੁਣਾਈ ਏ ।

ਰਾਤੀਂ ਅਸੀਂ ਹਨੇਰਿਆਂ ਨਾਲ ਰਹੇ ਲੜਦੇ,
ਦਿਨ ਚੜ੍ਹਿਆ ਤੇ ਕਿਸ ਦੇ ਹੱਥ ਖ਼ੁਦਾਈ ਏ ।

ਜਦ ਵੀ ਛੇੜਿਆ ਕਿਸੇ ਨੇ ਜ਼ਿਕਰ ਸਦਾਕਤ ਦਾ
ਓਦੋਂ ਮੈਨੂੰ ਯਾਦ ਹੁਸੈਨ ਦੀ ਆਈ ਏ ।

ਮੁੜ ਲੋਕਾਂ ਨੇ ਰਾਹ ਵਿਚ ਦੀਵੇ ਬਾਲੇ ਨੇ
ਖ਼ਬਰੇ ਮੁੜ ਅੱਜ ਕਿਸਦੀ ਸ਼ਾਮਤ ਆਈ ਏ ।

ਵੇਲੇ ਦਾ ਮਨਸੂਰ ਕਹਾਉਣਾ ਸੌਖਾ ਨਈਂ
ਅਕਬਰ ਤੈਨੂੰ ਪੱਟੀ ਕੇਸ ਪੜ੍ਹਾਈ ਏ ।