ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ

ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ ।
ਜੇ ਤੇਰੇ ਜੁੱਸੇ ਦਾ ਸਾਇਆ ਹੁੰਦਾ ਮੈਂ ।

ਨਾਂ ਨਾ ਲੈਂਦੇ ਕਦੇ ਬਹਾਰਾਂ ਵੇਖਣ ਦਾ
ਜੇਕਰ ਅਪਣਾ ਹਾਲ ਸੁਣਾਇਆ ਹੁੰਦਾ ਮੈਂ ।

ਹਕ ਦੇ ਸ਼ਹਿਰ ਚ ਨਕਸ਼ ਨੇ ਕਿਸ ਦਿਆਂ ਪੈਰਾਂ ਦੇ
ਇਕ ਦੋ ਘੜੀਆਂ ਪਹਿਲਾਂ ਆਇਆ ਹੁੰਦਾ ਮੈਂ ।

ਪਿਆਰ ਦੇ ਪਿੰਡੋਂ ਪੱਥਰ ਵੀ ਜੇ ਲੱਭ ਪੈਂਦਾ
ਰਾਵ੍ਹਾਂ ਦੇ ਲਈ ਮੀਲ ਬਣਾਇਆ ਹੁੰਦਾ ਮੈਂ ।

ਅਕਬਰ ਮੈਂ ਸੋਚਾਂ ਵਿਚ ਡੁੱਬਾ ਰਹਿਨਾਂ ਵਾਂ
ਕਿਸੇ ਦੇ ਮੁਖੜੇ ਰੰਗ ਚੜ੍ਹਾਇਆ ਹੁੰਦਾ ਮੈਂ ।