ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ

ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ ।
ਇੰਜ ਲੱਗੇ ਜਿਉਂ ਸੂਰਜ ਦਾ ਮੂੰਹ ਕਾਲਾ ਏ ।

ਹੁਣ ਕੋਈ 'ਸੁਕਰਾਤ' ਨਹੀਂ ਹੈਗਾ ਦੁਨੀਆਂ ਵਿੱਚ,
ਵੇਲੇ ਦੇ ਹੱਥ ਕਿਉਂ ਇਹ ਜ਼ਹਿਰ ਪਿਆਲਾ ਏ ।

ਸ਼ਹਿਰ ਦਿਆਂ ਲੋਕਾਂ ਦੇ ਚਾਲੇ ਦੱਸਦੇ ਨੇ,
ਮੁੜ ਜ਼ਖ਼ਮਾਂ ਦਾ ਮੇਲਾ ਲੱਗਣ ਵਾਲਾ ਏ ।

ਸਿੱਕਾਂ, ਸੱਧਰਾਂ ਸੀਨੇ ਵਿੱਚ ਕੁਰਲਾਂਦੀਆਂ ਨੇ
ਅਕਬਰ ਨੇ ਬੁੱਲ੍ਹਾਂ ਤੇ ਲਾਇਆ ਤਾਲਾ ਏ ।