ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ ਏ

ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ ਏ
ਅੱਜ ਮੈਂ ਇਕ ਤਸਵੀਰ ਪੁਰਾਣੀ ਵੇਖੀ ਏ

ਜੀਹਦੀਆਂ ਗੱਲਾਂ ਚੇਤੇ ਕਰ-ਕਰ ਜੀਂਦੇ ਸਾਂ
ਵਰ੍ਹਿਆਂ ਪਿੱਛੋਂ ਉਹ ਮਰਜਾਣੀ ਵੇਖੀ ਏ

ਅੱਜ ਜੇ ਉਹਨੂੰ ਵੇਖਿਆ ਏ ਤੇ ਖ਼ਬਰੇ ਕਿਉਂ
ਉਹਦੀ ਅੱਖ ਵਿਚ ਸੁੰਝ-ਸਮਾਣੀ ਵੇਖੀ ਏ

ਲੋਕਾਂ ਹਸਦੇ ਮੁੱਖੜੇ ਵੇਖੇ ਨੇ ਪਰ ਮੈਂ
ਉਨ੍ਹਾਂ ਉਹਲੇ ਦਰਦ ਕਹਾਣੀ ਵੇਖੀ ਏ

ਨਵੀਂ ਕਬਰ ਤੇ ਫੁੱਲ ਖਿਲਾਰ ਕੇ ਆਤਿਫ਼ ਮੈਂ
ਰੋਂਦੀ ਇਕ ਮੁਟਿਆਰ ਨਿਮਾਣੀ ਵੇਖੀ ਏ