ਫੇਰ ਕਿਸੇ ਨੂੰ ਸਾਮ੍ਹਣੇ ਤੱਕ ਕੇ, ਸੋਚਾਂ ਨੂੰ ਤਰਸਾਣਾ ਕੀ

ਫੇਰ ਕਿਸੇ ਨੂੰ ਸਾਮ੍ਹਣੇ ਤੱਕ ਕੇ, ਸੋਚਾਂ ਨੂੰ ਤਰਸਾਣਾ ਕੀ
ਸੱਧਰਾਂ ਦੀ ਭੁੱਬਲ ਦੇ ਅੰਦਰ, ਮੁੜ-ਮੁੜ ਤੀਲੇ ਲਾਣਾ ਕੀ

ਹਾਲ ਦਿਲੇ ਦਾ ਅੱਖਾਂ ਰਾਹੀਂ, ਕਹਿਣਾ ਈ ਤੇ ਖੁੱਲ੍ਹ ਕੇ ਰੋ
ਹਿਕ ਦੋ ਹੰਝੂ ਕੇਰ ਕੇ ਐਵੇਂ ਅਪਣਾ ਭਰਮ ਵਨਜਾਣਾ ਕੀ

ਯਾਰਾਂ ਅੱਗੇ ਫੋਲ ਕੇ ਦੁੱਖੜੇ, ਮੈਂ ਤੇ ਇਹ ਗੱਲ ਜਾਣੀ ਏ
ਕੰਧਾਂ ਅੱਗੇ ਰੋਣਾ ਕੀ ਤੇ ਪੱਥਰਾਂ ਨੂੰ ਸਮਝਾਣਾ ਕੀ

ਰੋ-ਰੋ ਕਾਹਨੂੰ ਹੁਣ ਡਿਸਕੋਰੇ, ਭਰਨੈਂ ਯਾਰ ਨਾਦਾਨਾ ਵੇ
ਜੇ ਕਰ ਪੋਂਦ ਨਾ ਸੋਚੀ ਹੋਵੇ, ਛੇਕੜ ਨੂੰ ਪਛਤਾਣਾ ਕੀ

ਹੱਕੀ ਗੱਲ ਏ ਅੱਜ ਦਾ ਬੰਦਾ, ਆਪੋ-ਆਪਣਾ ਵੈਰੀ ਏ
ਕਰਮਾਂ ਮਾਰੇ ਹੋਰ ਕਿਸੇ ਤੇ, ਅੱਗੋਂ ਕਰਮ ਕਮਾਣਾ ਕੀ

ਉਹ ਜੇ ਨਹੀਂ ਤਾਂ ਉਹਦੇ ਵਰਗੇ, ਹੋਰ ਹਜ਼ਾਰਾਂ ਲੱਭਣਗੇ
ਦਿਲ ਦਾ ਕੀ ਸਮਝਾਣਾ 'ਆਤਿਫ਼', ਬੱਚੇ ਦਾ ਵਲਚਾਣਾ ਕੀ