ਮਾਣ ਕਿਸੇ ਨੂੰ ਧਨ ਦੌਲਤ ਦਾ, ਕਿਸੇ ਨੂੰ ਸ਼ੋਖ਼ ਅਦਾਵਾਂ ਦਾ

ਮਾਣ ਕਿਸੇ ਨੂੰ ਧਨ ਦੌਲਤ ਦਾ, ਕਿਸੇ ਨੂੰ ਸ਼ੋਖ਼ ਅਦਾਵਾਂ ਦਾ
ਅਸੀਂ ਗ਼ਰੀਬ ਨਿਮਾਣੇ ਸਾਨੂੰ, ਹਿੱਕੋ ਮਾਣ ਵਫ਼ਾਵਾਂ ਦਾ

ਦਿਲ ਦੇ ਕੱਚੇ ਵਿਹੜੇ ਅੰਦਰ, ਖੇਹ ਉਡਦੀ ਏ ਯਾਦਾਂ ਦੀ,
ਕਿੰਨੇ ਸਾਲਾਂ ਤੋਂ ਨਹੀਂ ਮੁੜਿਆ, ਰਾਹੀ ਦਿਲ ਦੀਆਂ ਰਾਹਵਾਂ ਦਾ

ਅੱਖਾਂ ਨੇ ਉਕਸਾਇਆ ਤੇਰੀ, ਤੱਕਣੀ ਹੋਸ ਵੰਜਾਇਆ ਸੀ,
ਨੀਅਤ ਨਹੀਂ ਸੀ ਬਦਲੀ ਮੇਰੀ, ਦੇਖ ਕੇ ਰੰਗ ਘਟਾਵਾਂ ਦਾ

ਅੱਜ ਵੀ ਮੇਰੀਆਂ ਪਲਕਾਂ ਉੱਤੇ, ਉਹਦੀ ਯਾਦ ਦੇ ਦੀਵੇ ਨੇ,
ਕੱਲ੍ਹ ਵੀ ਮੇਰਿਆਂ ਬੁੱਲਾਂ ਉੱਤੇ, ਸੇਕ ਸੀ ਉਹਦੀਆਂ ਸਾਹਵਾਂ ਦਾ

ਵੰਨ-ਸਵੰਨੇ ਰਾਹਬਰ ਲੱਭਣ, ਨਾਲ ਤੇ ਮੰਜ਼ਿਲ ਮਿਲਣੀ ਨਹੀਂ,
ਪਹਿਲਾਂ ਕੋਈ ਪੱਕ ਤੇ ਕਰ ਲਉ, ਝੱਲਿਉ ਆਪਣੇ ਰਾਹਵਾਂ ਦਾ

ਯਾਰੋ ਸੋਚੋ ਕਾਹਤੋਂ ਏਥੇ, ਬੇਵਕਤੇ ਮੀਂਹ ਆਉਂਦੇ ਨੇ,
ਲੋੜ ਪਵੇ ਤੇ ਸੁੱਕ ਜਾਂਦਾ ਹੈ, ਪਾਣੀ ਕਿਉਂ ਦਰਿਆਵਾਂ ਦਾ

ਸੁੱਕੇ ਦੁੱਧ ਦੇ ਡੱਬੇ ਆਤਿਫ਼ , ਹਰ ਹੱਟੀ ਤੇ ਵਿਕਦੇ ਨੇ,
ਖ਼ਵਰੇ ਤਾਹੀਉਂ ਸੁੱਕ ਜਾਂਦਾ ਏ, ਦੁੱਧ ਵੀ ਅੱਜ ਕਲ ਮਾਵਾਂ ਦਾ