ਸੂਰਜ ਚੰਨ ਨੂੰ ਪਿਆਰ ਕਰਾਂ ਮੈਂ ਆਰਿਫ਼ ਦਿਲੋਂ ਬ ਜਾਨੋਂ

ਸੂਰਜ ਚੰਨ ਨੂੰ ਪਿਆਰ ਕਰਾਂ ਮੈਂ ਆਰਿਫ਼ ਦਿਲੋਂ ਬ ਜਾਨੋਂ
ਫੇਰ ਵੀ ਕਿਉਂ ਨਹੀਂ ਉਹ ਕਰਦੇ, ਨ੍ਹੇਰਾ ਮਰੇ ਜਹਾਨੋਂ

ਵਿਛੜੇ ਸੱਜਣ ਜੱਗ ਵਿਚ ਕੀਹਨੇ, ਦੇਖੇ ਮੁੜ ਕੇ ਆਉਂਦੇ,
ਤੀਰ ਉਹ ਸਦਾ ਦੁਰਾਡੇ ਡਿੱਗੇ, ਨਿਕਲੇ ਜਿਹੜਾ ਕਮਾਨੋਂ

ਪੱਥਰ ਉੱਤੇ ਲੇਕ ਸਮਝ ਤੋਂ, ਮੇਰੇ ਏਸ ਬਚਣ ਨੂੰ,
ਅਣਖੀ ਕਦੇ ਉਹ ਕੱਲ ਨਾ ਹਾਰਨ, ਕੱਢਣ ਜਦੋਂ ਜ਼ਬਾਨੋਂ

ਉਹਦੇ ਨਾਂ ਦੇ ਹਰਫ਼ ਮੈਂ ਖਰਚਾਂ, ਦਲ ਦੀ ਤਖ਼ਤੀ ਉੱਤੋਂ,
ਪਰ ਉਹ ਅਚਰਜ ਖ਼ਿਆਲ ਏ ਜਿਹੜਾ ਲਹਿੰਦਾ ਨਹੀਂ ਧਿਆਨੂੰ

ਮੈਨੂੰ ਪਤਾ ਪਛਾਣ ਸਕੇ ਨਾ ਉਹਦੀ ਅੱਖ ਦਾ ਚਾਨਣ,
ਵਾਜ ਨਾ ਮਾਰੀ ਮੈਂ ਰਸਤੇ ਵਿਚ ਉਹਨੂੰ ਏਸ ਗਮਾਨੋਂ

ਮੈਂ ਜਦ ਉਹਦਾ ਦਰ ਖੜਕਾਇਆ, ਇਕ ਦਰਦੀ ਪਰਛਾਵਾਂ,
ਨੈਣਾਂ ਦੇ ਵਿਚ ਹੰਝੂ ਲੈ ਕੇ ਆਇਆ ਬਾਹਰ ਮੁਕਾ ਨੂੰ

ਸ਼ਾਲਾ ਰਹਿਣ ਸਲਾਮਤ ਆਰਿਫ਼ ਮੇਰੇ ਪਿੰਡ ਦੇ ਵਾਸੀ,
ਮਰਨੋਂ ਮਰ ਜਾਂਦੇ ਨੇ ਜਿਹੜੇ ਨੱਸਦੇ ਨਹੀਂ ਮੈਦਾਨੋਂ