ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ

ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ
ਰਹਿ ਗਈਆਂ ਤਿਰਹਾਈਆਂ ਗ਼ਜ਼ਲਾਂ

ਬਨੀ ਜੁੜੀ ਵਿਚ ਕੰਮ ਨਾ ਆਈਆਂ
ਵਖਤਾਂ ਨਾਲ ਬਣਾਈਆਂ ਗ਼ਜ਼ਲਾਂ

ਸਦਕੇ ਉਸ ਤੋਂ ਜੀਹਨੇ ਆਪਣੇ
ਚਾਨਣ ਵਿਚ ਰੁਸ਼ਨਾਈਆਂ ਗ਼ਜ਼ਲਾਂ

ਮਿਤਰਾਂ ਜਦ ਵੀ ਸੈਂਤਰ ਮਾਰੀ
ਛਾਲਾਂ ਮਾਰ ਕੇ ਆਈਆਂ ਗ਼ਜ਼ਲਾਂ

ਸੁੱਚੇ ਪੱਟ ਦੇ ਬਾਣੇ ਵਾਂਗੂੰ
ਅਸ਼ਰਫ਼ ਅਸਾਂ ਹੰਢਾਈਆਂ ਗ਼ਜ਼ਲਾਂ