ਕੀਹਨੂੰ ਸ਼ਿਅਰ ਸੁਣਾਈਏ ? ਲੋਕੀ ਵਿਹਲੇ ਨਈਂ

ਕੀਹਨੂੰ ਸ਼ਿਅਰ ਸੁਣਾਈਏ ? ਲੋਕੀ ਵਿਹਲੇ ਨਈਂ
ਮਹਿਫ਼ਲ ਕਿਵੇਂ ਜਮਾਈਏ ? ਲੋਕੀ ਵਿਹਲੇ ਨਈਂ

ਟੁਰ ਗਏ ਨੇ ਕੁਝ ਮਾਂਗੀ ਤੇ ਕੁਝ ਵਾਢੀ ਨੂੰ
ਕੱਲੇ ਕੁੱਕੜ ਖਾਈਏ, ਲੋਕੀ ਵਿਹਲੇ ਨਈਂ

ਉਹਦੇ ਬਾਰੇ ਗੱਲਾਂ-ਬਾਤਾਂ ਛੇੜਣ ਲਈ
ਕੀਹਨੂੰ ਕੋਲ ਬਿਠਾਈਏ ? ਲੋਕੀ ਵਿਹਲੇ ਨਈਂ

ਕੀਹਨੇ ਸੋਹਣਿਆਂ ਕਹਿਣੈ ਆਪਣੇ ਬੁਤਾਂ ਨੂੰ
ਆਪੇ ਸੀਸ ਨਿਵਾਈਏ, ਲੋਕੀ ਵਿਹਲੇ ਨਈਂ

ਨਾਹੀਂ ਲੋੜ ਕਿਸੇ ਨੂੰ ਅਸ਼ਰਫ਼ ਗ਼ਜ਼ਲਾਂ ਦੀ
ਕਿਸ ਲਈ ਗਾਵਣ ਗਾਈਏ ਲੋਕੀ ਵਿਹਲੇ ਨਈਂ