ਕੁੱਝ-ਕੁੱਝ ਝੱਲਾ ਉਹ ਵੀ ਸੀ ਤੇ ਮੈਂ ਵੀ ਸਾਂ

ਕੁੱਝ-ਕੁੱਝ ਝੱਲਾ ਉਹ ਵੀ ਸੀ ਤੇ ਮੈਂ ਵੀ ਸਾਂ
ਜੱਗ ਤੋਂ ਵੱਖਰਾ ਉਹ ਵੀ ਸੀ ਤੇ ਮੈਂ ਵੀ ਸਾਂ

ਇਕ ਦੂਜੇ ਨੂੰ ਲਫ਼ਜ਼ਾਂ ਵਿਚ ਉਲਝਾਂਦੇ ਰਹੇ
ਪੜ੍ਹਿਆ ਲਿਖਿਆ ਉਹ ਵੀ ਸੀ ਤੇ ਮੈਂ ਵੀ ਸਾਂ

ਅੰਦਰੋਂ ਭਾਵੇਂ ਕਿਰਚੀ ਕਿਰਚੀ ਹੁੰਦੇ ਰਹੇ
ਬਾਹਰੋਂ ਪੀਡਾ ਉਹ ਵੀ ਸੀ ਤੇ ਮੈਂ ਵੀ ਸਾਂ

ਐਵੇਂ ਰੁੱਸਦੇ ਰਹੇਆਂ ਸੁਣ ਕੇ ਲੋਕਾਂ ਦੀ
ਕੰਨ ਦਾ ਕੱਚਾ ਉਹ ਵੀ ਸੀ ਤੇ ਮੈਂ ਵੀ ਸਾਂ

ਦੋਵੇਂ ਰੋਜ਼ ਉਡੀਕਦੇ ਸਾਂ ਇਕ ਦੂਜੇ ਨੂੰ
ਜ਼ਿੱਦੀ ਪੱਕਾ ਉਹ ਵੀ ਸੀ ਤੇ ਮੈਂ ਵੀ ਸਾਂ

ਅੱਖਾਂ ਗੱਲਾਂ ਕਰਦੀਆਂ ਰਹੀਆਂ ਅੱਖਾਂ ਨਾਲ
ਚੁੱਪ ਖਲੋਤਾ ਉਹ ਵੀ ਸੀ ਤੇ ਮੈਂ ਵੀ ਸਾਂ

ਆਸਿਫ਼ ਝੂਠੇ ਜੱਗ ਨੇ ਝੂਠਾ ਕਰ ਦਿੱਤਾ
ਨਹੀਂ ਤੇ ਸੱਚਾ ਉਹ ਵੀ ਸੀ ਤੇ ਮੈਂ ਵੀ ਸਾਂ