ਭਾਵੇਂ ਲਹੂ ਵੀ ਦੇਣਾਂ ਪੈ ਜਾਏ, ਕਰੇ ਉਜਾਲਾ ਕੋਈ ਤੇ

ਭਾਵੇਂ ਲਹੂ ਵੀ ਦੇਣਾਂ ਪੈ ਜਾਏ, ਕਰੇ ਉਜਾਲਾ ਕੋਈ ਤੇ
ਹੋਰ ਨਹੀਂ ਤੇ ਇਕ ਅੱਧਾ ਹੀ ਦੀਵਾ ਬਾਲੇ ਕੋਈ ਤੇ

ਵੇਲੇ ਦੇ ਫ਼ਿਰਓਨ ਦੇ ਅੱਗੇ, ਹੱਕ ਦਾ ਕਲਮਾਂ ਆਖਣ ਲਈ
ਹੋਠਾਂ ਉੱਤੇ ਚੁੱਪ ਦੇ ਲੱਗੇ, ਤੋੜੇ ਤਾਲੇ ਕੋਈ ਤੇ

ਦਿਲ ਦੀ ਏਸ ਕਿਤਾਬ ਦੇ ਵਰਕੇ, ਕਦ ਤੱਕ ਖ਼ਾਲੀ ਰਹਿਣੇ ਨੇ
ਇਹਨਾਂ ਉੱਤੇ ਪਿਆਰ ਦੇ ਲਿਖਦਾ, ਲਫ਼ਜ਼ ਨਿਰਾਲੇ ਕੋਈ ਤੇ

ਅੱਜ ਵੀ ਝੂਠਾਂ ਦੀ ਨਗਰੀ ਵਿਚ, ਲੋੜ ਕਿਸੇ ਸੁਕਰਾਤ ਦੀ ਏ
ਅੱਜ ਵੀ ਆਪਣੇ ਹੱਥੀਂ ਪੀਵੇ ਜ਼ਹਿਰ ਪਿਆਲੇ ਕੋਈ ਤੇ

ਜਿਉਂਦਿਆਂ ਭਾਵੇਂ ਸੁੱਕ ਮੋਇਆ ਵਾਂ, ਚੰਨ ਦੇ ਚਿੱਟੇ ਚਾਨਣ ਨੂੰ
ਪਰ ਹੁਣ ਆਸਿਫ਼ ਚਾਹੁਣਾਂ, ਕਬਰੇ ਦੀਵਾ ਬਾਲੇ ਕੋਈ ਤੇ