ਰੁੱਖ ਇਕ ਦੋ ਹੀ ਪਾਲਣ ਜੋਗੇ ਰਹਿ ਗਏ ਨੇ

ਰੁੱਖ ਇਕ ਦੋ ਹੀ ਪਾਲਣ ਜੋਗੇ ਰਹਿ ਗਏ ਨੇ
ਬਾਕੀ ਸਭ ਤੇ ਬਾਲਣ ਜੋਗੇ ਰਹਿ ਗਏ ਨੇ

ਹਾਸੇ ਜਿਹੜੇ ਵੰਡਦੇ ਹੈਸਨ ਲੋਕਾਂ ਨੂੰ
ਆਪੋ ਦੁਖੜੇ ਜਾਲਣ ਜੋਗੇ ਰਹਿ ਗਏ ਨੇ

ਦੁਨੀਆ ਦੇ ਗ਼ਮ ਮੁੱਕ ਗਏ ਨੇ ਪਰ ਤੇਰੇ ਦੁੱਖ
ਮੇਰੀਆਂ ਹੱਡੀਆਂ ਗਾਲਣ ਜੋਗੇ ਰਹਿ ਗਏ ਨੇ

ਰਾਤੀਂ ਠਰਦੇ ਪਿੰਡੇ ਕਿਸਰਾਂ ਸੇਕਾਂਗੇ
ਇਕ ਦੋ ਤੀਲੇ ਬਾਲਣ ਜੋਗੇ ਰਹਿ ਗਏ ਨੇ

ਮੇਰੀਆਂ ਪਲਕਾਂ ਉੱਤੇ ਜਿੰਨੇ ਅੱਥਰੂ ਨੇ
ਸਭ ਸ਼ਿਅਰਾਂ ਵਿਚ ਢਾਲਣ ਜੋਗੇ ਰਹਿ ਗਏ ਨੇ

ਹੁਣ ਖ਼ੁਸੀਆਂ ਨਹੀਂ ਸਾਡੇ ਸੀਨੇ ਠਾਰਦੀਆਂ
ਸੀਨੇ ਸਿਰਫ਼ ਉਬਾਲਣ ਜੋਗੇ ਰਹਿ ਗਏ ਨੇ

ਕੌਣ ਸੁਣੇਂਗਾ ਗੱਲਾਂ ਆਸਿਫ਼ ਰਾਜ਼ ਦੀਆਂ
ਲੋਕੀ ਹੁਣ ਤੇ ਟਾਲਣ ਜੋਗੇ ਰਹਿ ਗਏ ਨੇ