ਜੀਵਨ ਦਾ ਮੱਯਾਰ ਬਣਾ ਕੇ ਛੱਡਾਂਗਾ

ਜੀਵਨ ਦਾ ਮੱਯਾਰ ਬਣਾ ਕੇ ਛੱਡਾਂਗਾ
ਇਕ ਅੱਲ੍ਹੜ ਕਿਰਦਾਰ ਬਣਾ ਕੇ ਛੱਡਾਂਗਾ

ਜੇ ਤੇਰੇ ਅੰਦਰ ਦਾ ਬੰਦਾ ਜਾਗ ਪਿਆ,
ਤੈਨੂੰ ਇਕ ਫ਼ਨਕਾਰ ਬਣਾ ਕੇ ਛੱਡਾਂਗਾ

ਗ਼ਮ ਦੇ ਝੱਖੜ ਝੁੱਲਦੇ ਨੇ ਤੇ ਝੁੱਲਣ ਦੇ
ਸੱਧਰਾਂ ਦਾ ਮੀਨਾਰ ਬਣਾ ਕੇ ਛੱਡਾਂਗਾ

ਭਾਵੇਂ ਦਿਲ ਦਾ ਲਹੂ ਵੀ ਦੇਣਾ ਪੈ ਜਾਵੇ
ਮੈਂ ਤੈਨੂੰ ਸ਼ਾਹਕਾਰ ਬਣਾ ਕੇ ਛੱਡਾਂਗਾ

ਨਫ਼ਰਤ ਭਰੀਆਂ ਰਸਮਾਂ, ਰੀਤਾਂ ਡੱਕਣ ਲਈ
ਸੋਚਾਂ ਨੂੰ ਦੀਵਾਰ ਬਣਾ ਕੇ ਛੱਡਾਂਗਾ

ਮੈਂ ਫ਼ਨਕਾਰ ਆਂ ਪਿਆਰ ਹੀ ਮੇਰਾ ਮਸਲਕ ਏ
ਦੁਸ਼ਮਣ ਨੂੰ ਦਿਲਦਾਰ ਬਣਾ ਕੇ ਛੱਡਾਂਗਾ

ਆਸਿਫ਼ ਆਪਣੇ ਸ਼ਿਅਰਾਂ ਰਾਹੀਂ ਓੜਕ ਮੈਂ
ਵੀਰਾਨੇ ਗ਼ੁਲਜ਼ਾਰ ਬਣਾ ਕੇ ਛੱਡਾਂਗਾ