ਦਿਲ ਦੇ ਜ਼ਖ਼ਮ ਲਕੋਂਦੇ ਰਹਿ ਗਏ ਉਹ ਤੇ ਮੈਂ

ਦਿਲ ਦੇ ਜ਼ਖ਼ਮ ਲਕੋਂਦੇ ਰਹਿ ਗਏ ਉਹ ਤੇ ਮੈਂ
ਕੱਲਿਆਂ ਬਹਿ ਬਹਿ ਰੋਂਦੇ ਰਹਿ ਗਏ ਉਹ ਤੇ ਮੈਂ

ਅੱਚਣ-ਚੇਤੀ ਵੇਲੇ ਵਿੱਥਾਂ ਪਾ ਦਿੱਤੀਆਂ
ਨੇੜੇ ਹੁੰਦੇ-ਹੁੰਦੇ ਰਹਿ ਗਏ ਉਹ ਤੇ ਮੈਂ

ਫੇਰ ਨਾ ਮੁੜਕੇ ਆਈਆਂ ਰੁੱਤਾਂ ਪਿਆਰ ਦੀਆਂ
ਰਾਹਵਾਂ ਮੱਲ ਖਲੋਤੇ ਰਹਿ ਗਏ ਉਹ ਤੇ ਮੈਂ

ਦਿਲ ਦੀ ਪੈਲੀ ਦੇ ਵਿਚ ਵੱਤਰ ਆਇਆ ਨਹੀਂ
ਖੂਹ ਨੈਣਾਂ ਦੇ ਜੋਂਦੇ ਰਹਿ ਗਏ ਉਹ ਤੇ ਮੈਂ

ਰੋਜ਼ ਦਿਲਾਂ ਦੀ ਕੱਲਰ ਖਾਧੀ ਧਰਤੀ ਤੇ
ਬੀਜ ਵਫ਼ਾ ਦੇ ਬੋਂਦੇ ਰਹਿ ਗਏ ਉਹ ਤੇ ਮੈਂ

ਝੱਲਣੀ ਪੈ ਗਈ 'ਆਸਿਫ਼' ਹਾਰ ਨਸੀਬਾਂ ਨੂੰ
ਹੰਝੂ ਹਾਰ ਪਰੋਂਦੇ ਰਹਿ ਗਏ ਉਹ ਤੇ ਮੈਂ