ਸੱਸੀ ਪੰਨੂੰ

ਸਫ਼ਾ 1

۔۔۔۔۔۔ ਕਿੱਸਾ ਸੱਸੀ ਪੰਨੂੰ ।।।।।।

ਹਕੁਮਤ ਇਸ ਖ਼ੁਦਾਵੰਦ ਅਲੀ, ਮਾਲਿਕ ਮੁਲਕ ਮੁਲਕ ਦਾ
ਲਾਖ ਕਰੋੜ ਕਰਨ ਚਤੁਰਾਈਆਂ, ਕੋਈ ਪਛਾਣ ਨਾ ਸਕਦਾ
ਕੁਦਰਤ ਨਾਲ਼ ਰਹੇ ਸਿਰ ਗਰਦਾਂ, ਦਾਇਮ ਚਰਖ਼ ਫ਼ਲਕ ਦਾ
ਹਾਸ਼ਿਮ ਖ਼ੂਬ ਹੋਈ ਗੁਲਕਾਰੀ, ਫ਼ਰਸ਼ ਫ਼ਨਾ ਖ਼ਲਕ ਦਾ

ਹਕੁਮਤ ਨਾਲ਼ ਹਕੀਮ ਅਜ਼ਲ ਦੀ, ਨਕਸ਼ ਨਿਗਾਰ ਬਣਾਇਆ
ਹਰ ਅਰਵਾਹ ਅਸੀਰ ਇਸ਼ਕ ਦੀ, ਕੈਦ ਜਿਸਮ ਵਿਚ ਪਾਇਆ
ਜੋ ਮਖ਼ਲੂਕ ਨਾ ਬਾਹਰ ਇਸ ਥੀਂ, ਅਰਜ਼ ਸਮਾ ਵਿਚ ਆਇਆ
ਹਾਸ਼ਿਮ ਜੋਸ਼ ਬੁਖ਼ਾਰ ਇਸ਼ਕ ਦੇ, ਹਰ ਇਕ ਸ਼ਾਨ ਵਟਾਇਆ

ਹੁਸਨ ਕਲਾਮ ਜੋ ਸ਼ਾਇਰ ਕਰਦੇ, ਸੁਖ਼ਨ ਨਾ ਸਾਥੀਂ ਆਇਆ
ਜਿਹਾ ਕੁ ਅਕਲ ਜੋ ਸ਼ਊਰ ਅਸਾਡਾ, ਅਸਾਂ ਭੀ ਆਖ ਸੁਣਾਇਆ
ਸੰਨ ਸੁਣ ਹੋਤ ਸੱਸੀ ਦੀਆਂ ਬਾਤਾਂ, ਕਾਮਲ ਇਸ਼ਕ ਕਮਾਇਆ
ਹਾਸ਼ਿਮ ਜੋਸ਼ ਤਬੀਅਤ ਕੀਤਾ, ਵਹਿਮ ਅਤੇ ਦਿਲ ਆਇਆ

ਆਦਮ ਜਾਮ ਭਨਭੋਰ ਸ਼ਹਿਰ ਦਾ, ਸਾਹਿਬ ਤਖ਼ਤ ਕਹਾਵੇ
ਜਾਹ ਜਲਾਲ ਸਿਕੰਦਰ ਵਾਲਾ, ਖ਼ਾਤਿਰ ਮੂਲ ਨਾ ਲਿਆਵੇ
ਵਹੋਸ਼ ਤੇਵਰ ਜਨਾਵਰ ਆਦਮ, ਹਰ ਇਕ ਸੀਸ ਨਵਾਵੇ
ਹਾਸ਼ਿਮ ਆਖ ਜ਼ਬਾਨ ਨਾ ਸਕਦੀ, ਕੌਣ ਤਾਰੀਫ਼ ਸੁਣਾਵੇ